ਸਰਕਾਰੀ ਸਕੂਲ ਹਰਬੰਸਪੁਰ ਨੇ ਜ਼ੋਨਲ ਖੇਡਾਂ ’ਚ ਗੱਡੇ ਝੰਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਦੇ ਖਿਡਾਰੀਆਂ ਨੇ ਜੋਨਲ ਖੇਡਾਂ ’ਚ ਗੱਡੇ ਜਿੱਤ ਦੇ ਝੰਡੇ
Publish Date: Sun, 23 Aug 2026 08:01 PM (IST)
Updated Date: Sun, 23 Aug 2026 08:03 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਦੇ ਖਿਡਾਰੀਆਂ ਨੇ 70ਵੀਆਂ ਪੰਜਾਬ ਰਾਜ ਜ਼ੋਨਲ ਪੱਧਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ, ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਇੰਚਾਰਜ ਮੈਡਮ ਰਾਜਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਵਿਖੇ ਆਯੋਜਿਤ ਖੇਡਾਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਅੰਡਰ-14 ਤੇ ਅੰਡਰ-17 ਵਰਗਾਂ ਦੇ ਖੋ-ਖੋ ਤੇ ਬੈਡਮਿੰਟਨ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਈ ਅਹਿਮ ਪੁਜ਼ੀਸ਼ਨਾਂ ਹਾਸਲ ਕੀਤੀਆਂ। ਖੋ-ਖੋ ਦੇ ਅੰਡਰ-17 ਤੇ ਅੰਡਰ-14 ਲੜਕਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਖੋ-ਖੋ ਅੰਡਰ-14 ਲੜਕੀਆਂ ਦੀ ਸਕੂਲ ਟੀਮ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਜਿੱਤਿਆ। ਬੈਡਮਿੰਟਨ ਅੰਡਰ-17 ਲੜਕਿਆਂ ਦੀ ਟੀਮ ਨੇ ਵੀ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਤੇ ਜ਼ੋਨਲ ਪੱਧਰੀ ਸਕੂਲ ਖੇਡਾਂ ਦੀ ਕਮੇਟੀ ਵੱਲੋਂ ਤਮਗੇ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਵਿੱਚ ਮੈਥ ਮਾਸਟਰ ਸਤਨਾਮ ਸਿੰਘ, ਕੋਚ ਗੁਰਦੀਪ ਸਿੰਘ ਡੁਮੇਲੀ, ਕੁਲਵੀਰ ਸਿੰਘ ਤੇ ਪਵਨ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਨੇ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਪੂਰੀ ਮਿਹਨਤ ਅਤੇ ਲਗਨ ਨਾਲ ਸਿਖਲਾਈ ਦਿੱਤੀ। ਇਸ ਮੌਕੇ ਲੈਕਚਰਾਰ ਕੁਸੁਮ, ਉਪਾਸਨਾ ਮਦਾਨ, ਸੁਮੀਤ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।