ਬਲਾਕ ਢਿੱਲਵਾਂ ਤੇ ਨਡਾਲਾ ਦੇ ਖਿਡਾਰੀਆਂ ਦਿਖਾਇਆ ਦਮ ਬਲਾਕ ਢਿਲਵਾਂ ਤੇ ਨਡਾਲਾ ਦੇ ਖੇਡ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
Publish Date: Tue, 15 Sep 2026 10:07 PM (IST)
Updated Date: Tue, 15 Sep 2026 10:08 PM (IST)
ਮੁੱਖ ਮਹਿਮਾਨ ਕਮਲਜੀਤ ਕੌਰ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਤੇ ਲਗਨ ਨਾਲ ਖੇਡਾਂ ’ਚ ਭਾਗ ਲੈਣ ਲਈ ਕੀਤਾ ਪ੍ਰੇਰਿਤ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਢਿੱਲਵਾਂ : ਜ਼ਿਲ੍ਹਾ ਖੇਡ ਅਫਸਰ ਕਪੂਰਥਲਾ ਨੇ ਦੱਸਿਆ ਗਿਆ ਕਿ ਬਲਾਕ ਢਿੱਲਵਾਂ ਤੇ ਨਡਾਲਾ ਵਿਖੇ ਚੱਲ ਰਹੇ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਰਕਾਰੀ ਸਕੂਲ ਢਿੱਲਵਾਂ ਲੜਕੇ ਦੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿੱਚ ਸਖ਼ਤ ਮਿਹਨਤ, ਅਨੁਸ਼ਾਸਨ ਤੇ ਪੂਰੀ ਲਗਨ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ, ਸਹਿਣਸ਼ੀਲਤਾ ਤੇ ਟੀਮ ਭਾਵਨਾ ਪੈਦਾ ਹੁੰਦੀ ਹੈ। ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਬਲਾਕ ਢਿਲਵਾਂ ਵਿੱਚ ਦੂਜੇ ਦਿਨ ਹੋਏ ਮੁਕਾਬਲਿਆਂ ਦੌਰਾਨ ਖੋ-ਖੋ ਖੇਡ ਦੇ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਸਕੂਲ ਢਿਲਵਾਂ ਨੇ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਵਰਗ ਦੇ ਮੁਕਾਬਲੇ ਵਿੱਚ ਡੀਐੱਸਐੱਮਐੱਸ ਰਮਾਣੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਦੇ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਵਰਗ ਵਿੱਚ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਨੇ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਨੇ ਪਹਿਲਾ ਤੇ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਨੇ ਦੂਜਾ ਸਥਾਨ ਹਾਸਲ ਕੀਤਾ। ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।