ਆਤਿਸ਼ਬਾਜੀ ਕਾਰਨ ਸ਼ੈੱਡ "ਚ ਪਿਆ ਸਮਾਨ ਸੜ ਕੇ ਹੋਇਆ ਸੁਆਹ ਮੰਡੇਰ ਦੋਨਾ ਵਿਖੇ ਆਤਿਸ਼ਬਾਜੀ ਨਾਲ ਅੱਗ ਲੱਗਣ ਕਾਰਨ ਕਿਸਾਨ ਦੇ ਸ਼ੈਡ "ਚ ਪਿਆ ਸਮਾਨ ਸੜ ਕੇ ਹੋਇਆ ਸਵਾਹ
Publish Date: Mon, 09 Nov 2026 08:57 PM (IST)
Updated Date: Mon, 09 Nov 2026 08:59 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਮੰਡੇਰ ਦੋਨਾਂ ਵਿਖੇ ਬੀਤੀ ਰਾਤ ਦੀਵਾਲੀ ਮੌਕੇ ਕਥਿਤ ਆਤਿਸ਼ਬਾਜ਼ੀ ਆਦਿ ਦੇ ਡਿੱਗਣ ਕਾਰਨ ਕਿਸਾਨ ਹਰਜੀਤ ਸਿੰਘ ਸਾਬਕਾ ਸਰਪੰਚ ਦੇ ਖੇਤੀ ਸੰਦ ਰੱਖਣ ਲਈ ਬਣਾਏ ਸ਼ੈਡ ਵਿਖੇ ਅੱਗ ਲੱਗ ਗਈ, ਜਿਸ ਦੌਰਾਨ ਸ਼ੈੱਡ ਚ ਪਿਆ ਸਾਰਾ ਸਮਾਨ, ਸਪਰੇ ਪੰਪ, ਖਾਦ, ਦਵਾਈਆਂ, ਬੀਜ, ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਜਦੋਂ ਅੱਗ ਕਾਫੀ ਤੇਜ਼ ਹੋ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ, ਜਿਸ ਉਪਰੰਤ ਅੱਗ ’ਤੇ ਪਾਣੀ ਤੇ ਮਿੱਟੀ ਦੀ ਵਰਤੋਂ ਨਾਲ ਕਾਬੂ ਪਾਇਆ ਗਿਆ ਪਰ ਸ਼ੈੱਡ ਵਿੱਚ ਪਿਆ ਸਾਰਾ ਸਮਾਨ ਪੂਰੀ ਤਰਾਂ ਨਸ਼ਟ ਹੋ ਗਿਆ। ਬਿਜਲੀ ਦੀਆਂ ਤਾਰਾਂ ਵੀ ਪੂਰੀ ਤਰ੍ਹਾਂ ਸੜ ਜਾਣ ਕਾਰਨ ਸਾਰੀ ਬਿਜਲੀ ਦੀ ਸਪਲਾਈ ਠੱਪ ਹੋ ਗਈ। ਇਸੇ ਦੌਰਾਨ ਪਸ਼ੂਆਂ ਤੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਕਿਸਾਨ ਹਰਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਪਰਾਲੀ ਜਾਂ ਖੇਤ ਵਿਚਲੀ ਰਹਿਦ-ਖੂੰਹਦ ਸਾੜਨ ’ਤੇ ਵੀ ਪਰਚੇ ਕਰ ਰਹੀ ਹੈ, ਦੂਸਰੇ ਪਾਸੇ ਜਿੱਥੇ ਪੋਟਾਸ਼ ਨਾਲ ਭਰੇ ਪਟਾਕੇ ਵਾਤਾਵਰਨ ਦਾ ਨੁਕਸਾਨ ਕਰ ਰਹੇ ਹਨ, ਉਥੇ ਪਟਾਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਜੇ ਪਰਾਲੀ ਨੂੰ ਅੱਗ ਲਾਉਣ ’ਤੇ ਪਾਬੰਦੀ ਲੱਗ ਸਕਦੀ ਹੈ ਤੇ ਪਟਾਕਿਆਂ ’ਤੇ ਪਾਬੰਧੀ ਕਿਉਂ ਨਹੀਂ ਲਾਈ ਜਾ ਰਹੀ ਹੈ।