ਤੇਈਆ ਤਾਪ ਕੋਠੜੀ ਦੇ ਦਰਵਾਜ਼ੇ ਸੰਗਤਾਂ ਲਈ ਖੋਲ੍ਹੇ ਡੱਲਾ ਸਾਹਿਬ ਵਿਖੇ ਤੇਈਆ ਤਾਪ ਕੋਠੜੀ ਦੇ ਦਰਵਾਜੇ ਸੰਗਤਾਂ ਦੇ ਦਰਸ਼ਨਾਂ ਲਈ ਖੋਲੇ
Publish Date: Sun, 27 Sep 2026 09:19 PM (IST)
Updated Date: Sun, 27 Sep 2026 09:21 PM (IST)
ਭਾਈ ਲਾਲੂ ਜੀ ਦੇ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਤਿਹਾਸਿਕ ਨਗਰ ਡੱਲਾ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਥਾਪੇ ਮੰਜੀਦਾਰ ਸਿੱਖ ਭਾਈ ਲਾਲੂ ਜੀ ਦਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਦੀ ਅਗਵਾਈ ਚ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਤੇਈਆ ਤਾਪ ਕੋਠੜੀ ਦੇ ਦਰਵਾਜ਼ੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਗਏ। ਗੁਰਦੁਆਰਾ ਬਾਉਲੀ ਸਾਹਿਬ ਡੱਲਾ ਦੇ ਮੈਨੇਜਰ ਭਾਈ ਕੁਲਵਿੰਦਰ ਸਿੰਘ ਧਰਮਕੋਟ ਨੇ ਦੱਸਿਆ ਕਿ ਇਤਿਹਾਸ ਅਨੁਸਾਰ ਲੋਕ ਗੰਭੀਰ ਬੁਖਾਰ ਭਾਵ ‘ਤੇਈਏ ਤਾਪ’ ਦੇ ਇਲਾਜ ਲਈ ਡਾਕਟਰਾਂ ਕੋਲ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਭਾਈ ਲਾਲੂ ਜੀ ਵਿਖੇ ਪਹੁੰਚ ਕੇ ਸੁੱਖਣਾ ਸੁੱਖਦੇ ਹਨ। ਉਨ੍ਹਾਂ ਦੱਸਿਆ ਕਿ ਭਾਈ ਲਾਲੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਥਾਪੇ ਹੋਏ ਸੇਵਕ ਸਨ, ਜੋ ਬਹੁਤ ਹੀ ਵੱਡੇ ਵੈਦ ਵੀ ਸਨ, ਜਿਨ੍ਹਾਂ ਨੇ ਤੇਈਆ ਤਾਪ ਨੂੰ ਇੱਕ ਕੋਠੜੀ ਵਿੱਚ ਕੈਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹਰ ਸਾਲ ਅੱਸੂ ਦੀ ਮੱਸਿਆ ਮੌਕੇ ਇਸ ਸਥਾਨ ’ਤੇ ਭਾਰੀ ਜੋੜ ਮੇਲਾ ਲਗਦਾ ਹੈ, ਇਸ ਵਾਰ ਵੀ ਜੋੜ ਮੇਲੇ ਮੌਕੇ 7 ਅਕਤੁਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 9 ਅਕਤੂਬਰ ਨੂੰ ਪੈਣਗੇ, ਉਪਰੰਤ 9 ਅਕਤੂਬਰ ਨੂੰ ਦੁਪਹਿਰ 12 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਦੇ ਉੱਚ ਕੋਟੀ ਦੇ ਵਿਦਵਾਨ, ਰਾਗੀ, ਢਾਡੀ, ਪ੍ਰਚਾਰਕ ਤੇ ਕਵੀਸਰੀ ਜਥੇ ਗੁਰੂ ਜੱਸ 10 ਅਕਤੂਬਰ ਦੀ ਸ਼ਾਮ 4 ਵਜੇ ਤੱਕ ਸਰਵਣ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚੇਚੇ ਤੌਰ ਤੇ ਹਾਜ਼ਰੀ ਲਵਾਉਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ. ਹਰਜਿੰਦਰ ਸਿੰਘ ਵਿਰਕ, ਮੈਨੇਜਰ ਕੁਲਵਿੰਦਰ ਸਿੰਘ, ਨਰਿੰਦਰ ਸਿੰਘ ਖਿੰਡਾ, ਬੀਬੀ ਬਲਜੀਤ ਕੌਰ, ਅਕਾਊਂਟੈਂਟ ਕੁਲਬੀਰ ਸਿੰਘ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।