ਲੋੜਵੰਦ ਲੜਕੀ ਦੇ ਵਿਆਹ ਲਈ ਦਿੱਤੀ ਸਹਾਇਤਾ ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਭੇਂਟ ਕੀਤੀ ਸਹਾਇਤਾ
Publish Date: Sun, 11 Oct 2026 06:52 PM (IST)
Updated Date: Sun, 11 Oct 2026 06:53 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਸ਼ਹਿਰ ਦੀ ਸੇਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵੱਲੋਂ ਸਮਾਜ ਸੇਵਾ ਦੀ ਆਪਣੀ ਲੜੀ ਨੂੰ ਅੱਗੇ ਵਧਾਉਂਦਿਆਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਹਾਇਤਾ ਭੇਟ ਕੀਤੀ ਗਈ। ਕਲੱਬ ਦੇ ਚਾਰਟਰ ਪ੍ਰਧਾਨ ਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਲਾਇਨ ਗੁਰਦੀਪ ਸਿੰਘ ਕੰਗ (ਐੱਮਜੇਐੱਫ) ਦੀ ਅਗਵਾਈ ਹੇਠ ਕੀਤੇ ਗਏ ਇਸ ਉਪਰਾਲੇ ਤਹਿਤ ਪਰਿਵਾਰ ਨੂੰ ਇੱਕ ਡਬਲ ਬੈੱਡ, ਦੋ ਕੰਬਲ ਤੇ ਸ਼ਗਨ ਵਜੋਂ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸਮਾਜ ਦੇ ਹਰ ਸਮਰੱਥ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਧੀਆਂ ਦੇ ਵਿਆਹ ਸਮੇਂ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਜੇਕਰ ਸਮਾਜਿਕ ਸੰਸਥਾਵਾਂ ਤੇ ਹੋਰ ਸਮਰੱਥ ਲੋਕ ਅੱਗੇ ਆ ਕੇ ਸਹਾਇਤਾ ਕਰਨ, ਤਾਂ ਪਰਿਵਾਰਾਂ ਦਾ ਬੋਝ ਘਟਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦਾ ਉਦੇਸ਼ ਸਮਾਜ ਦੇ ਲੋੜਵੰਦ ਵਰਗਾਂ ਦੀ ਮਦਦ ਕਰਨਾ ਤੇ ਸੇਵਾ ਭਾਵਨਾ ਨਾਲ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਂਝ ਪਾਉਣਾ ਹੈ। ਕਲੱਬ ਵੱਲੋਂ ਭਵਿੱਖ ਵਿੱਚ ਵੀ ਸਮਾਜ ਭਲਾਈ ਦੇ ਕਾਰਜਾਂ ਨੂੰ ਜਾਰੀ ਰੱਖਣ ਲਈ ਯਤਨ ਕੀਤੇ ਜਾਣਗੇ। ਇਸ ਦੌਰਾਨ ਸਬੰਧਤ ਪਰਿਵਾਰ ਵੱਲੋਂ ਲਾਇਨ ਗੁਰਦੀਪ ਸਿੰਘ ਕੰਗ ਤੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਿੰਦਰ ਸਿੰਘ ਭੰਮਰਾ, ਕੌਂਸਲਰ ਜਸਦੇਵ ਸਿੰਘ ਪ੍ਰਿੰਸ, ਮਾਸਟਰ ਵਰਿੰਦਰ ਸਿੰਘ ਕੰਬੋਜ ਤੇ ਜਤਿੰਦਰ ਸ਼ਰਮਾ ਵੀ ਮੌਜੂਦ ਸਨ।