ਵਿਧਾਨਸਭਾ ਚੋਣ ਵਿਸ਼ਲੇਸ਼ਣ—2027 ਵਿਧਾਨਸਭਾ ਚੋਣ ਵਿਸ਼ਲੇਸ਼ਣ—2027 ਡਾ.
Publish Date: Sun, 15 Nov 2026 06:58 PM (IST)
Updated Date: Sun, 15 Nov 2026 07:00 PM (IST)
ਵਿਜੇ ਸੋਨੀ/ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਡਾ. ਰਾਜਕੁਮਾਰ ਚੱਬੇਵਾਲ ਦੇ ਫਗਵਾੜਾ ਵਿਧਾਨਸਭਾ (ਐੱਸਸੀ ਰਿਜ਼ਰਵ) ਸੀਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਗਲੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫਗਵਾੜਾ ਸੀਟ ਸਬੰਧੀ ਸਿਆਸੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਫਗਵਾੜਾ 1997 ਤੱਕ ਕਾਂਗਰਸ ਦਾ ਗੜ੍ਹ ਰਿਹਾ। 1997 ‘ਚ ਭਾਜਪਾ-ਅਕਾਲੀ ਗਠਜੋੜ ਵੱਲੋਂ ਚੌਧਰੀ ਸਵਰਨਾ ਰਾਮ ਨੇ ਭਾਜਪਾ ਦੀ ਟਿਕਟ ‘ਤੇ ਚੋਣ ਲੜਦੇ ਹੋਏ ਫਗਵਾੜਾ ’ਤੇ ਕਬਜ਼ਾ ਜਮਾਇਆ। ਫਿਰ 2002 ‘ਚ ਦੋਬਾਰਾ ਕਾਂਗਰਸ ਨੇ ਫਤਿਹ ਹਾਸਲ ਕਰ ਲਈ ਤੇ 2007 ‘ਚ ਚੌਧਰੀ ਸਵਰਨਾ ਰਾਮ ਨੇ ਮੁੜ ਫਗਵਾੜਾ ਸੀਟ ਨੂੰ ਭਾਜਪਾ ਦੀ ਝੋਲੀ ‘ਚ ਪਾ ਦਿੱਤਾ, ਜੋ ਕਿ 2019 ਤੱਕ ਭਾਜਪਾ ਦਾ ਗੜ੍ਹ ਬਣੀ ਰਹੀ। ਇਸੇ ਦੌਰਾਨ 2012 ਤੇ 2017 ‘ਚ ਭਾਜਪਾ ਦੀ ਟਿਕਟ ‘ਤੇ ਸੋਮ ਪ੍ਰਕਾਸ਼ ਕੈਂਥ ਵਿਧਾਇਕ ਚੁਣੇ ਗਏ। 2019 ‘ਚ ਸੋਮ ਪ੍ਰਕਾਸ਼ ਹੁਸ਼ਿਆਰਪੁਰ ਦੇ ਲੋਕਸਭਾ ਮੈਂਬਰ ਨਾਮਜ਼ਦ ਹੋ ਕੇ ਕੇਂਦਰੀ ਮੰਤਰੀ ਬਣ ਗਏ ਤਾਂ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ 2019 ਵਿੱਚ ਹੀ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਹਲਕੇ ਵਿੱਚ ਆਪਣੀ ਪਕੜ ਬਨਾਉਣੀ ਸ਼ੁਰੂ ਕੀਤੀ, ਜੋ ਹੁਣ ਤੱਕ ਕਾਇਮ ਹੈ। ਹੁਣ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵਿਧਾਨਸਭਾ ਚੋਣਾਂ ਲਈ ਪਾਰਟੀ ਨੇ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਡਾ. ਰਾਜਕੁਮਾਰ ਹਲਕਾ ਇੰਚਾਰਜ ਵੱਲੋਂ ਪਿਛਲੇ ਕਈ ਮਹੀਨੇ ਤੋਂ ਇੱਥੇ ਸਰਗਰਮ ਰਹੇ ਹਨ ਤੇ ਲੋਕਾਂ ਨਾਲ ਲਗਾਤਾਰ ਨਜ਼ਦੀਕੀ ਵਧਾਈ ਹੈ। ਉਨ੍ਹਾਂ ਦੀ ਉਮੀਦਵਾਰੀ ਕਾਂਗਰਸ ਦੇ 2019 ਤੋਂ ਗੜ੍ਹ ਬਣੀ ਇਸ ਸੀਟ ਲਈ ਪਹਿਲੀ ਚੁਣੌਤੀ ਹੈ, ਜਿਸ ਨੇ ਫਗਵਾੜਾ ਦੇ ਸਿਆਸੀ ਸਮੀਕਰਨਾਂ ਨੂੰ ਨਵੀਂ ਦਿਸ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਕਾਰ ਸੰਭਾਵੀ ਗੱਠਜੋੜ ਦੀਆਂ ਚਰਚਾਵਾਂ ਵੀ ਫਗਵਾੜੇ ਦੀ ਚੋਣ ਨੂੰ ਹੋਰ ਦਿਲਚਸਪ ਬਣਾ ਸਕਦੀਆਂ ਹਨ। ਬਲਵਿੰਦਰ ਸਿੰਘ ਧਾਲੀਵਾਲ, ਜੋ ਕਿ ਸੇਵਾਮੁਕਤ ਆਈਏਐੱਸ ਅਧਿਕਾਰੀ ਹਨ, ਨੇ 2019 ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜਦਿਆਂ ਭਾਜਪਾ ਦੇ ਰਾਜੇਸ਼ ਬਾਘਾ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਜਿੱਤ ਪਿੱਛੇ ਉਨ੍ਹਾਂ ਦਾ ਫਗਵਾੜਾ ਵਿੱਚ ਐੱਸਡੀਐੱਮ ਵਜੋਂ ਬਿਤਾਇਆ ਸਮਾਂ ਤੇ ਲੋਕਾਂ ਨਾਲ ਬਣਿਆ ਨਿੱਜੀ ਸੰਪਰਕ ਵੀ ਅਹਿਮ ਕਾਰਕ ਮੰਨਿਆ ਗਿਆ। ਉਸ ਚੋਣ ਵਿੱਚ ਧਾਲੀਵਾਲ ਨੇ 26,116 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਧਾਲੀਵਾਲ ਨੇ ਆਪਣੀ ਸੀਟ ਬਰਕਰਾਰ ਰੱਖੀ, ਹਾਲਾਂਕਿ ਇਸ ਵਾਰ ਜਿੱਤ ਦਾ ਫ਼ਰਕ ਕਾਫ਼ੀ ਘਟ ਗਿਆ। ਪਿਛਲੇ ਦੋ ਚੋਣ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਧਾਲੀਵਾਲ ਨੇ ਆਪਣੇ ਸਿਆਸੀ ਕਿਲ੍ਹੇ ਨੂੰ ਮਜ਼ਬੂਤ ਰੱਖਣ ਲਈ ਲਗਾਤਾਰ ਸਰਗਰਮੀ ਦਿਖਾਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਗਵਾੜਾ ਦਾ ਮੁਕਾਬਲਾ ਬੇਹੱਦ ਦਿਲਚਸਪ ਰਿਹਾ ਸੀ। ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਨੂੰ 37,217 ਵੋਟਾਂ ਮਿਲੀਆਂ, ਜਦਕਿ ਆਮ ਆਦਮੀ ਪਾਰਟੀ ਦੇ ਜੋਗਿੰਦਰ ਸਿੰਘ ਮਾਨ 34,505 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜ੍ਹੀ ਨੂੰ 31,232 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਵਿਜੇ ਸਾਂਪਲਾ ਸਿਰਫ 15,469 ਵੋਟਾਂ ਹਾਸਲ ਕਰ ਸਕੇ। ਇਸ ਚੋਣ ਵਿੱਚ ਧਾਲੀਵਾਲ ਦੀ ਜਿੱਤ ਦਾ ਫ਼ਰਕ ਸਿਰਫ਼ 2,712 ਵੋਟਾਂ ਰਹਿ ਗਿਆ ਸੀ। ਖ਼ਾਸ ਗੱਲ ਇਹ ਸੀ ਕਿ ਉਸ ਸਮੇਂ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਸੀ ਤੇ ਬਸਪਾ ਦੇ ਜਸਵੀਰ ਸਿੰਘ ਗੜ੍ਹੀ ਚੋਣ ਮੈਦਾਨ ਵਿੱਚ ਸਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ। ਫਗਵਾੜਾ ਵਿਧਾਨ ਸਭਾ ਹਲਕੇ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਨੂੰ 30,349 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੀ ਯਾਮਿਨੀ ਗੋਮਰ ਨੂੰ 29,390 ਵੋਟਾਂ ਨਾਲ ਦੂਜੇ ਤੇ ਭਾਜਪਾ ਦੀ ਅਨੀਤਾ ਸੋਮ ਪ੍ਰਕਾਸ਼ 27,756 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੀ। ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਨੂੰ 9,244 ਵੋਟਾਂ ਮਿਲੀਆਂ ਸੀ। ਇਹ ਅੰਕੜੇ ਦਰਸਾਉਂਦੇ ਹਨ ਕਿ 2022 ਵਿੱਚ ਜਿੱਥੇ ਕਾਂਗਰਸ ਨੇ ਜਿੱਤ ਦਰਜ ਕੀਤੀ ਸੀ, ਉੱਥੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਗਵਾੜੇ ਅੰਦਰ ‘ਆਪ’ ਪਹਿਲੇ ਸਥਾਨ ’ਤੇ ਪਹੁੰਚ ਗਈ। ਆਮ ਆਦਮੀ ਪਾਰਟੀ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾਏ ਜਾਣ ਨੂੰ ਕਾਂਗਰਸ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਲਈ ਇੱਕ ਅਹਿਮ ਸਿਆਸੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਡਾ. ਚੱਬੇਵਾਲ ਖੁਦ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਹਨ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਉਨ੍ਹਾਂ ਕੋਲ ਚੋਣ ਜ਼ਾਬਤਾ ਲਾਗੂ ਹੋਣ ਤੱਕ ਸਰਕਾਰੀ ਪੱਧਰ ’ਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਵਾਉਣ ਦਾ ਮੌਕਾ ਹੈ। ਇਸ ਦੇ ਨਾਲ ਹੀ ਸੱਤਾ ਧਿਰ ਤੇ ਮੈਂਬਰ ਪਾਰਲੀਮੈਂਟ ਵਜੋਂ ਸਮਾਜਿਕ ਸੰਸਥਾਵਾਂ ਤੇ ਐੱਨਜੀਓਜ਼ ਨਾਲ ਸੰਪਰਕ ਬਣਾਉਣ ਤੋਂ ਇਲਾਵਾ ਧਾਰਮਿਕ ਤੇ ਸਮਾਜਿਕ ਸਮਾਗਮਾਂ ਵਿੱਚ ਉਨ੍ਹਾਂ ਦੀ ਹਾਜ਼ਰੀ ਵੀ ਸਿਆਸੀ ਸਰਗਰਮੀ ਦਾ ਹਿੱਸਾ ਹੈ। ਹਾਲਾਂਕਿ ਡਾ. ਚੱਬੇਵਾਲ ਲਈ ਚੁਣੌਤੀ ਇਹ ਹੋਵੇਗੀ ਕਿ ਫਗਵਾੜਾ ਵਿੱਚ ‘ਆਪ’ ਦੀ ਸਥਾਨਕ ਲੀਡਰਸ਼ਿਪ ਤੇ ਵਰਕਰਾਂ ਦੀ ਇੱਕਜੁਟਤਾ ਨੂੰ ਕਾਇਮ ਰੱਖਿਆ ਜਾਵੇ। ਫਗਵਾੜਾ ਦੀ ਚੋਣ ਦਾ ਸਭ ਤੋਂ ਦਿਲਚਸਪ ਪੱਖ ਭਾਜਪਾ ਤੇ ਅਕਾਲੀ ਦਲ (ਬਾਦਲ) ਦੇ ਸੰਭਾਵੀ ਗੱਠਜੋੜ ਨਾਲ ਜੁੜਿਆ ਹੋਇਆ ਹੈ। ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਚੋਣ ਲੜਦੀਆਂ ਹਨ ਤਾਂ 2022 ਤੇ 2024 ਦੇ ਵੋਟ ਅੰਕੜਿਆਂ ਦੇ ਆਧਾਰ ’ਤੇ ਇਹ ਗੱਠਜੋੜ ਇੱਕ ਮਜ਼ਬੂਤ ਤਾਕਤ ਵਜੋਂ ਉੱਭਰ ਸਕਦਾ ਹੈ। ਫਗਵਾੜਾ ਦੀ ਸਿਆਸਤ ਵਿੱਚ ਧਾਲੀਵਾਲ ਦਾ ਨਿੱਜੀ ਸੰਪਰਕ, ਪ੍ਰਸ਼ਾਸਨਿਕ ਤਜਰਬਾ ਅਤੇ ਪਿਛਲੀਆਂ ਦੋ ਜਿੱਤਾਂ ਉਨ੍ਹਾਂ ਦੀ ਤਾਕਤ ਹਨ। ਦੂਜੇ ਪਾਸੇ ਡਾ. ਚੱਬੇਵਾਲ ਕੋਲ ਲੋਕ ਸਭਾ ਮੈਂਬਰ ਵਜੋਂ ਪਛਾਣ, ਸੱਤਾਧਾਰੀ ਪਾਰਟੀ ਦੀ ਸਰਕਾਰ ਅਤੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਦਾ ਮੌਕਾ ਹੈ। ਹੁਣ ਦੇਖਣਾ ਹੋਵੇਗਾ ਕਿ ਧਾਲੀਵਾਲ ਆਪਣੀ ਪੁਰਾਣੀ ਪਕੜ ਕਾਇਮ ਰੱਖਦੇ ਹਨ, ਡਾ. ਚੱਬੇਵਾਲ ‘ਆਪ’ ਦੇ ਵੋਟ ਆਧਾਰ ਨੂੰ ਹੋਰ ਮਜ਼ਬੂਤ ਕਰਦੇ ਹਨ ਜਾਂ ਭਾਜਪਾ-ਅਕਾਲੀ ਸਮੀਕਰਨ ਮੁਕਾਬਲੇ ਨੂੰ ਕਿਸੇ ਹੋਰ ਦਿਸ਼ਾ ਵੱਲ ਲੈ ਕੇ ਜਾਂਦੇ ਹਨ।