ਕਮਾਡੈੰਟ ਲਹਿੰਬਰ ਸਿੰਘ ਮੰਡੇਰ ਦਾ ਦਿਹਾਂਤ ਐਥਲੈਟਿਕਸ ਦੇ ਏਸ਼ੀਆ ਚੈਪੀਅਨ ਅਤੇ ਬੀ ਐਸ ਐਫ ਦੇ ਕਮਾਡੈੰਟ ਲਹਿੰਬਰ ਸਿੰਘ ਮੰਡੇਰ ਦਾ ਦਿਹਾਂਤ
Publish Date: Thu, 25 Dec 2025 09:36 PM (IST)
Updated Date: Fri, 26 Dec 2025 04:14 AM (IST)
ਅਨੇਕਾਂ ਸੇਜ਼ਲ ਅੱਖਾਂ ਨਾਲ਼ ਦਿੱਤੀ ਅੰਤਿਮ ਵਿਦਾਈ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ, ਕਾਲਾ ਸੰਘਿਆਂ : ਐਥਲੈਟਿਕਸ ਦੇ ਏਸ਼ੀਆ ਚੈਪੀਅਨ ਅਤੇ ਬੀ ਐਸ ਐਫ ਦੇ ਕਮਾਡੈੰਟ ਰਹੇ ਲਹਿੰਬਰ ਸਿੰਘ ਮੰਡੇਰ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ । ਜਿਲਾ ਕਪੂਰਥਲਾ ਦੇ ਕਾਲਾ ਸੰਘਿਆਂ ਨੇੜਲੇ ਪਿੰਡ ਮੰਡੇਰ ਦੋਨਾ ਦਾ ਨਾਂ ਸਮੁੱਚੇ ਭਾਰਤ ਵਿੱਚ ਰੌਸ਼ਨ ਕਰਨ ਵਾਲੇ ਸਰਦਾਰ ਲੈਂਬਰ ਸਿੰਘ ਮੰਡੇਰ ਦਾ ਜਨਮ 1949 ਵਿੱਚ ਪਿੰਡ ਮੰਡੇਰ ਦੋਨਾ ਚ ਹੋਇਆ। ਉਨ੍ਹਾਂ ਨੇ 1969 ਵਿੱਚ ਗ਼ਦਰੀ ਬਾਬਾ ਹਰਨਾਮ ਸਿੰਘ ਸੀਨੀਅਰ ਸਕੰਡਰੀ ਸਕੂਲ ਤੋਂ 10ਵੀਂ ਪਾਸ ਕੀਤੀ। ਕਾਲਾ ਸੰਘਿਆਂ ਟਾਵੀ ਸਾਹਿਬ ਗੁਰਦੁਆਰਾ ਦੇ ਟਿੱਬਿਆਂ ‘ਤੇ ਕਾਨੇ ਗੱਡ ਕੇ ਹਰਡਲ ਦੌੜ ਦੀ ਤਿਆਰੀ ਕਰਦੇ ਸਨ ਅਤੇ ਖੇਡਾਂ ਵਿੱਚ ਉਹ ਹਮੇਸ਼ਾ ਅੱਗੇ ਰਹੇ। ਹਾਕੀ, ਵਾਲੀਬਾਲ, ਬਾਸਕਟਬਾਲ, ਐਥਲੈਟਿਕਸ ਅਤੇ ਖ਼ਾਸ ਕਰਕੇ ਕਬੱਡੀ ਵਿੱਚ। ਸਟੇਟ ਸਪੋਰਟਸ ਕਾਲਜ ਜਲੰਧਰ ਤੋਂ ਗਿਆਰਵੀਂ ਕਲਾਸ ਵਿੱਚ ਦਾਖਲਾ ਲੈਣ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਸਾਲ ਤੋਂ ਮੈਡਲ ਜਿੱਤਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਭਾਰਤ ਲਈ ਪਹਿਲਾ 400 ਮੀਟਰ ਹਰਡਲ ਮੈਡਲ ਜਿੱਤਿਆ। 1974 ਦੇ ਤੇਹਰਾਨ ਏਸ਼ੀਅਨ ਗੇਮਜ਼ ਵਿੱਚ ਬਰੌਂਜ਼ ਮੈਡਲ, 1975 ਸਿਓਲ ਮੀਟ ਵਿੱਚ ਸਿਲਵਰ ਮੈਡਲ, 1976 ਪਾਕਿਸਤਾਨ ਕਾਇਦੇ ਆਜ਼ਮ ਮੀਟ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤੇ। ਬੈਂਕਾਕ 1978 ਅਤੇ ਦਿੱਲੀ 1982 ਦੇ ਏਸ਼ੀਅਨ ਗੇਮਜ਼ ਵਿੱਚ ਭਾਗ ਲੈਣ ਨਾਲ ਕਈ ਨੈਸ਼ਨਲ ਰਿਕਾਰਡ ਤੋੜੇ ਅਤੇ ਭਾਰਤ ਲਈ ਮਾਣ ਕਮਾਇਆ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲਿਆ। 7 ਸਾਲ ਤੱਕ ਨੈਸ਼ਨਲ ਚੈਂਪੀਅਨ ਰਹੇ ਅਤੇ ਪੁਲਿਸ ਗੇਮਜ਼ ਵਿੱਚ 14 ਸਾਲ ਤੱਕ ਸਿਰਮੌਰ ਰਹੇ। ਬਾਅਦ ਵਿੱਚ ਬੀਐੱਸਐੱਫ ’ਚ ਜੁਆਇੰਟ ਡਾਇਰੈਕਟਰ ਸਪੋਰਟਸ ਰਹਿਣ ਦੌਰਾਨ ਟੀਮ ਨੂੰ ਆਲ ਇੰਡੀਆ ਪੁਲਿਸ ਗੇਮਜ਼ ਵਿੱਚ ਕਈ ਟਰਾਫੀਆਂ ਜਿੱਤਵਾਈਆਂ। ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਹੋਣਹਾਰ ਖਿਡਾਰੀ ਪੈਦਾ ਕੀਤੇ। ਅੱਜ ਕੱਲ ਉਹ ਰਾਣਾ ਕੁਕਿੰਗ ਸਕੂਲ ਵੀ ਚੱਲਾ ਰਿਹੈ ਸਨ, ਜਿਸ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਲਈ ਕੁਕਿੰਗ ਸਿਖਲਾਈ ਦਿੱਤੀ ਜਾਂਦੀ ਹੈ। ਮੰਡੇਰ ਪਰਿਵਾਰ ਵਿੱਚ ਉਨ੍ਹਾਂ ਦੇ ਚਾਚਾ, ਪ੍ਰਿੰਸੀਪਲ ਭਜਨ ਸਿੰਘ ਮੰਡੇਰ ਨੇ ਉਨ੍ਹਾਂ ਨੂੰ ਸੇਧ ਦਿੱਤੀ। ਪਰਿਵਾਰ ਵਿੱਚ ਉਨ੍ਹਾਂ ਦੇ ਤਾਇਆ ਗੁਰਦਿਆਲ ਸਿੰਘ ਮੰਡੇਰ ਰਿਟਾਇਰਡ ਆਈ.ਪੀ.ਐਸ. ਅਧਿਕਾਰੀ ਰਹਿ ਚੁੱਕੇ ਹਨ, ਛੋਟੇ ਭਰਾ ਹਰਪ੍ਰੀਤ ਸਿੰਘ ਮੰਡੇਰ ਐੱਸਐੱਸਪੀ ਵਿਜੀਲੈਂਸ ਜਲੰਧਰ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਦੋਹਰੇ ਓਲੰਪਿਅਨ ਹਨ । ਭਾਣਜੀ ਮਨਦੀਪ ਕੌਰ ਸੰਘਾ ਆਈ.ਆਰ.ਐਸ. ਅਧਿਕਾਰੀ ਹਨ ਅਤੇ ਹੁਣ ਦਿੱਲੀ ਵਿੱਚ ਜੁਆਇੰਟ ਕਮਿਸ਼ਨਰ ਫਾਇਨਾਂਸ ਮਨਿਸਟਰੀ ਵਿੱਚ ਤਾਇਨਾਤ ਹਨ। ਉਨ੍ਹਾਂ ਦੀ ਜਿੰਦਗੀ ਖੇਡ, ਸੇਵਾ ਅਤੇ ਪਰਿਵਾਰਿਕ ਮੁੱਲਾਂ ਦਾ ਉਦਾਹਰਨ ਸੀ। ਉਨ੍ਹਾਂ ਨੇ ਖੇਡਾਂ ਵਿੱਚ ਮਾਣ ਹੀ ਨਹੀਂ, ਸਿੱਖਿਆ ਅਤੇ ਆਦਰਸ਼ਾਂ ਵਿੱਚ ਵੀ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਅਨੇਕਾਂ ਸੇਜ਼ਲ ਅੱਖਾਂ ਨਾਲ਼ ਲਹਿੰਬਰ ਸਿੰਘ ਮੰਡੇਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ 25 ਦਸੰਬਰ ਨੰ ਅਮਰ ਬਾਗ ਸ਼ਮਸ਼ਾਨਘਾਟ ਲਾਡੋਵਾਲੀ ਰੋਡ ਤੋੰ ਗੁਰੂ ਨਾਨਕ ਪੁਰਾ ਸੜਕ ਜਲੰਧਰ ਵਿਖੇ ਕੀਤਾ ਗਿਆ ।