ਰਾਣੀਪੁਰ ਅਨਾਜ ਮੰਡੀ ’ਚ ਝੋਨੇ ਦੀ ਆਮਦ ਹੋਈ ਤੇਜ਼ ਰਾਣੀਪੁਰ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਹੋਈ ਤੇਜ਼
Publish Date: Thu, 08 Oct 2026 06:59 PM (IST)
Updated Date: Thu, 08 Oct 2026 07:02 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਲਾਗਲੇ ਪਿੰਡ ਰਾਣੀਪੁਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਹੁਣ ਤੇਜ਼ ਹੋ ਗਈ ਹੈ। ਝੋਨੇ ਦੀ ਫਸਲ ਲੈ ਕੇ ਕਿਸਾਨ ਲਗਾਤਾਰ ਮੰਡੀ ਵਿੱਚ ਪਹੁੰਚ ਰਹੇ ਹਨ, ਜਿਸ ਕਾਰਨ ਮੰਡੀ ਵਿੱਚ ਦਿਨ ਭਰ ਰੌਣਕ ਦੇਖਣ ਨੂੰ ਮਿਲ ਰਹੀ ਹੈ। ਰਾਣੀਪੁਰ ਅਨਾਜ ਮੰਡੀ ਨੂੰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਲਈ ਖੋਲ੍ਹ ਦਿੱਤਾ ਗਿਆ ਸੀ। ਮੰਡੀ ਵਿੱਚ ਆਪਣੀ ਫਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਨੇ ਸਰਕਾਰ ਵੱਲੋਂ ਝੋਨੇ ਲਈ ਤੈਅ ਕੀਤੇ ਗਏ 2,461 ਰੁਪਏ ਪ੍ਰਤੀ ਕੁਇੰਟਲ ਦੇ ਰੇਟ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਤੈਅ ਕੀਤੇ ਰੇਟ ’ਤੇ ਉਨ੍ਹਾਂ ਨੂੰ ਆਪਣੀ ਫਸਲ ਦਾ ਉਚਿਤ ਮੁੱਲ ਮਿਲਣ ਦੀ ਉਮੀਦ ਹੈ। ਝੋਨੇ ਦੀ ਵਧ ਰਹੀ ਆਮਦ ਨੂੰ ਦੇਖਦਿਆਂ ਮੰਡੀ ਵਿੱਚ ਫਸਲ ਦੀ ਸਾਂਭ-ਸੰਭਾਲ ਤੇ ਲੋਡਿੰਗ-ਅਨਲੋਡਿੰਗ ਦੇ ਕੰਮ ਲਈ ਕਰੀਬ 200 ਮਜ਼ਦੂਰ ਲਗਾਏ ਗਏ ਹਨ। ਮਜ਼ਦੂਰਾਂ ਵੱਲੋਂ ਮੰਡੀ ਵਿੱਚ ਆਉਣ ਵਾਲੇ ਝੋਨੇ ਨੂੰ ਉਤਾਰਨ, ਢੇਰੀਆਂ ਲਗਾਉਣ ਤੇ ਹੋਰ ਲੋੜੀਂਦੇ ਕੰਮ ਕੀਤੇ ਜਾ ਰਹੇ ਹਨ। ਮੰਡੀ ਪ੍ਰਬੰਧਕਾਂ ਵੱਲੋਂ ਬਾਰਿਸ਼ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਝੋਨੇ ਨੂੰ ਬਾਰਿਸ਼ ਤੋਂ ਬਚਾਉਣ ਲਈ ਤਿਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਅਚਾਨਕ ਮੌਸਮ ਖਰਾਬ ਹੋਣ ਦੀ ਸੂਰਤ ਵਿੱਚ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਰਾਣੀਪੁਰ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਣ ਦੀ ਉਮੀਦ ਹੈ।