ਪਰਗਟ ਦੇ ਪ੍ਰਧਾਨ ਬਣਨ ਨਾਲ ਵਰਕਰਾਂ ’ਚ ਆਇਆ ਜੋਸ਼ : ਮੰਨਾ ਉਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਨਾਲ ਵਰਕਰਾਂ ਵਿਚ ਭਰਿਆ ਜੋਸ਼: ਪ੍ਰਧਾਨ ਮੰਨਾ, ਸਕੱਤਰ ਚਾਹਲ
Publish Date: Sat, 03 Oct 2026 07:23 PM (IST)
Updated Date: Sat, 03 Oct 2026 07:25 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਬੀਤੀ ਸ਼ਾਮ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਪ੍ਰਸਿੱਧ ਉਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲ਼ਣ ਨਾਲ਼ ਵਰਕਰਾਂ ਤੇ ਪਾਰਟੀ ਸਪੋਟਰਾਂ ਤੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਪਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਤੇ ਕਾਲਾ਼ ਸੰਘਿਆਂ ਦੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਤੇ ਸਕੱਤਰ ਸੁਖਵਿੰਦਰ ਸਿੰਘ ਚਾਹਲ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਦੋਹਾਂ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਦੀ ਆਪਸੀ ਮਤਭੇਦ ਦੀਆਂ ਖਬਰਾਂ ਮੀਡੀਆ ਵਿੱਚ ਆਉਣ ਕਾਰਨ ਵੋਟਰਾਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲਦੀ ਸੀ, ਜਿਸ ਨਾਲ਼ ਪਾਰਟੀ ’ਤੇ ਵਧੀਆ ਪ੍ਰਭਾਵ ਨਹੀਂ ਪੈਂਦਾ ਸੀ। ਉਨ੍ਹਾਂ ਕਿਹਾ ਵਿਧਾਇਕ ਪਰਗਟ ਸਿੰਘ ਤਿੰਨ ਵਾਰ ਆਪਣੇ ਹਲਕੇ ਕੈਂਟ ਤੋਂ ਵਿਧਾਇਕ ਤੇ ਪੰਜਾਬ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਰਹੇ ਹੋਣ ਕਾਰਨ ਖਾ਼ਸੇ ਤਜਰਬੇਕਾਰ ਹਨ ਤੇ ਉਨ੍ਹਾਂ ਨੂੰ ਪ੍ਰਧਾਨ ਬਣਾ ਕੇ ਪਾਰਟੀ ਹਾਈਕਮਾਂਡ ਨੇ ਬਹੁਤ ਵਧੀਆ ਫੈਸਲਾ ਲਿਆ। ਪ੍ਰਧਾਨ ਮੰਨਾ ਤੇ ਸਕੱਤਰ ਚਾਹਲ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਹਨ ਤੇ ਅੱਜ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਬਦਲ ਨਹੀਂ ਸੀ ਮਿਲ ਰਿਹਾ ਪਰ ਨਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨਿਹਾਇਤ ਹੀ ਇਮਾਨਦਾਰ ਤੇ ਸੂਝਵਾਨ ਹਨ ਤੇ ਇਨ੍ਹਾਂ ਦੇ ਪ੍ਰਧਾਨ ਬਣਨ ਨਾਲ਼ ਸਮੁੱਚੀ ਪੰਜਾਬ ਕਾਂਗਰਸ ਇਕਜੁੱਟ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰੇਗੀ ਤੇ ਭਾਰੀ ਬਹੁਮਤ ਨਾਲ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ।