ਹਾਈਬ੍ਰਿਡ ਝੋਨੇ ’ਤੇ ਕਟੌਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਬਾਊਪੁਰ, ਮਾਹੀਵਾਲ 7301 ਅਤੇ 7501 ਹਾਈਬ੍ਰਿਡ ਝੋਨੇ ’ਤੇ ਕਟੌਤੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਬਾਊਪੁਰ, ਮਾਹੀਵਾਲ
Publish Date: Sun, 11 Oct 2026 07:03 PM (IST)
Updated Date: Sun, 11 Oct 2026 07:05 PM (IST)
ਮੰਗਲਵਾਰ ਨੂੰ ਧਰਨਾ ਦੇਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 7301 ਤੇ 7501 ਹਾਈਬ੍ਰਿਡ ਝੋਨੇ ’ਤੇ ਕਟੌਤੀ ਨੂੰ ਲੈ ਕੇ ਭੜਕੇ ਕਿਸਾਨ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਕਪੂਰਥਲਾ ਦੀ ਇੱਕ ਅਹਿਮ ਮੀਟਿੰਗ ਅੱਜ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿਖੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ 7301 ਤੇ 7501 ਹਾਈਬ੍ਰਿਡ ਝੋਨੇ ਦੀ ਖ਼ਰੀਦ ਸਮੇਂ ਕਿਸਾਨਾਂ ਦੀ ਹੋ ਰਹੀ ਕਥਿਤ ਲੁੱਟ ਤੇ ਕੀਮਤ ਵਿੱਚ ਕੀਤੀ ਜਾ ਰਹੀ ਕਟੌਤੀ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ 7301 ਤੇ 7501 ਹਾਈਬ੍ਰਿਡ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਦੀ ਫ਼ਸਲ ’ਤੇ ਕਟੌਤੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੰਗਲਵਾਰ ਨੂੰ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਹਾਈਬ੍ਰਿਡ ਝੋਨੇ ਦੀ ਖ਼ਰੀਦ ਬਿਨਾਂ ਕਿਸੇ ਗ਼ੈਰ-ਵਾਜਬ ਕਟੌਤੀ ਦੇ ਕੀਤੀ ਜਾਵੇ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਦਿੱਤਾ ਜਾਵੇ। ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ 1 ਅਕਤੂਬਰ 2026 ਤੋਂ ਬਾਅਦ ਜਿਹੜੇ ਕਿਸਾਨ ਆਪਣਾ ਝੋਨਾ ਮੰਡੀਆਂ ਵਿੱਚ ਘੱਟ ਕੀਮਤ ’ਤੇ ਵੇਚ ਕੇ ਗਏ ਹਨ, ਉਹ ਆਪਣੀਆਂ ਵੇਚੀ ਗਈ ਫ਼ਸਲ ਦੀਆਂ ਪਰਚੀਆਂ ਲੈ ਕੇ ਜ਼ਰੂਰ ਪਹੁੰਚਣ, ਤਾਂ ਜੋ ਇਸ ਮਾਮਲੇ ਨੂੰ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਸਕੇ। ਮੀਟਿੰਗ ਵਿੱਚ ਜ਼ੋਨ ਸੁਲਤਾਨਪੁਰ ਦੇ ਪ੍ਰਧਾਨ ਮਲਕੀਤ ਸਿੰਘ ਫੱਤੋਵਾਲ, ਜ਼ੋਨ ਸ਼ਹੀਦ ਊਧਮ ਸਿੰਘ ਦੇ ਪ੍ਰਧਾਨ ਗੁਰਸ਼ੇਵਕ ਸਿੰਘ ਸ਼ਿਵਦਿਆਲ, ਜ਼ੋਨ ਬਾਬਾ ਬੀਰ ਸਿੰਘ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਗਤਾਰ ਸਿੰਘ ਸਰੂਪਵਾਲ, ਜ਼ੋਨ ਸੁਲਤਾਨਪੁਰ ਦੇ ਸਕੱਤਰ ਚੈਂਚਲ ਸਿੰਘ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।