ਅਨੁਰਾਗ ਨੇ ਸੰਭਾਲਿਆ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਦਾ ਅਹੁਦਾ ਅਨੁਰਾਗ ਮਨਖੰਡ ਨੇ ਡਾ. ਰਾਜਕੁਮਾਰ ਚੱਬੇਵਾਲ ਦੀ ਹਾਜਰੀ ‘ਚ ਸੰਭਾਲਿਆ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਦਾ ਅਹੁਦਾ
Publish Date: Thu, 01 Oct 2026 07:57 PM (IST)
Updated Date: Thu, 01 Oct 2026 08:00 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਫਗਵਾੜਾ ਦੇ ਨਵ-ਨਿਯੁਕਤ ਚੇਅਰਮੈਨ ਅਨੁਰਾਗ ਮਨਖੰਡ ਨੇ ਅੱਜ ਰਸਮੀ ਤੌਰ ’ਤੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਦਫ਼ਤਰ, ਦਾਣਾ ਮੰਡੀ, ਫਗਵਾੜਾ ਵਿਖੇ ਧਾਰਮਿਕ ਰਸਮਾਂ ਉਪਰੰਤ ਅਹੁਦਾ ਸੰਭਾਲਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਉਨ੍ਹਾਂ ਦੀ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਮਾਰਕੀਟ ਕਮੇਟੀ ਚੇਅਰਮੈਨਾਂ ਦੀ ਸੂਚੀ ਵਿੱਚ ਕੀਤੀ ਗਈ ਸੀ। ਅਹੁਦਾ ਸੰਭਾਲਣ ਮੌਕੇ ਅਨੁਰਾਗ ਕੁਮਾਰ ਮਨਖੰਡ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਸਮੇਤ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਨਾਲ ਸਬੰਧਤ ਕਿਸਾਨਾਂ, ਆੜ੍ਹਤੀਆਂ, ਵਪਾਰੀਆਂ ਤੇ ਹੋਰ ਵਰਗਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣ ਕੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਮੰਡੀ ਵਿੱਚ ਸਫ਼ਾਈ, ਪੀਣ ਵਾਲੇ ਪਾਣੀ, ਬੈਠਣ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਅਨੁਰਾਗ ਮਨਖੰਡ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਿਸਾਨਾਂ ਤੇ ਮੰਡੀ ਨਾਲ ਜੁੜੇ ਹੋਰ ਵਰਗਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਅਹੁਦਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਹੈ। ਚੇਅਰਮੈਨ ਅਨੁਰਾਗ ਮਨਖੰਡ ਦੇ ਅਹੁਦਾ ਸੰਭਾਲਣ ਮੌਕੇ ਵਿਧਾਇਕ ਇਸ਼ਾਂਕ ਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉਪਲ, ਡਿਪਟੀ ਮੇਅਰ ਵਿੱਕੀ ਸੂਦ, ਕੌਂਸਲਰ ਦਵਿੰਦਰ ਸਪਰਾ, ਗੁਰਸ਼ਰਨ ਸਿੰਘ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ, ਦਲਜੀਤ ਰਾਜੂ ਦਰਵੇਸ਼ ਪਿੰਡ, ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰਸਟ ਫਗਵਾੜਾ, ਤਵਿੰਦਰ ਰਾਮ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਬੋਬੀ ਬੇਦੀ, ਤੇਜਸਵੀ ਭਾਰਦਵਾਜ, ਗੁਰਪਾਲ ਸਿੰਘ ਪਾਲਾ ਮੌਲੀ ਕਿਸਾਨ ਆਗੂ, ਕਾਲਾ ਅਠੋਲੀ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਰਮੇਸ਼ ਸਚਦੇਵਾ, ਸੁਰਿੰਦਰ ਚੋਪੜਾ, ਦੇਵ ਸ਼ਰਮਾ, ਅਮਿਤ ਸ਼ੁਕਲਾ, ਅਸ਼ੋਕ ਦੁਗਲ, ਨੀਤੂ ਦੁੱਗਲ, ਮਨੀਸ਼ ਪ੍ਰਭਾਕਰ, ਲਲਿਤ ਸਕਲਾਨੀ, ਮਨਜੀਤ ਸਿੰਘ ਖਾਲਸਾ, ਮਾਸਟਰ ਨਿਰਮਲ ਸਿੰਘ, ਤਰਸੇਮ ਲਾਲ ਬੱਤਰਾ, ਐਡਵੋਕੇਟ ਰਮਨ ਨਾਰੰਗ, ਐਡਵੋਕੇਟ ਰਜਨੀਸ਼ ਮਧੋਕ, ਐਡਵੋਕੇਟ ਅੰਕਿਤ ਢੀਂਗਰਾ, ਐਡਵੋਕੇਟ ਗੁਰਦੇਵ ਚੌਧਰੀ, ਹਰਵੇਲ ਸਿੰਘ ਪਾਹਵਾ, ਮਹੇਸ਼ ਬਾਂਗਾ, ਕੌਸ਼ਲ ਪ੍ਰਭਾਕਰ, ਹਰਸ਼ ਪ੍ਰਭਾਕਰ ਤੋਂ ਇਲਾਵਾ ਆੜ੍ਹਤੀ ਅਨਿਲ ਗੁਪਤਾ, ਗਜਾਨੰਦ ਪ੍ਰਸਾਦ, ਅਰੁਣ ਕਲੂਚਾ, ਅੰਕਿਤ ਗੁਪਤਾ, ਸੁਭਾਸ਼ ਕਲੂਚਾ, ਪ੍ਰਵੇਸ਼ ਗੁਪਤਾ ਆਦਿ ਹਾਜ਼ਰ ਸਨ। ਅਹੁਦਾ ਸੰਭਾਲਣ ਤੋਂ ਬਾਅਦ ਲਿਆ ਮਾਂ ਦਾ ਅਸ਼ੀਰਵਾਦ, ਪਤਨੀ ਨੇ ਮੂੰਹ ਮਿੱਠਾ ਕਰਵਾਇਆ ਅਨੁਰਾਗ ਮਨਖੰਡ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਮਾਤਾ ਜੀ ਸੁਮਨ ਮਨਖੰਡ ਦੇ ਪੈਰੀਂ ਮੱਥਾ ਟੇਕਿਆ ਤੇ ਗਲੇ ਲੱਗ ਕੇ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਸਪਨਾ ਮਨਖੰਡ ਨੇ ਆਪਣੇ ਪਤੀ ਦਾ ਮੂੰਹ ਮਿੱਠਾ ਕਰਵਾਇਆ। ਅਹੁਦਾ ਸੰਭਾਲਣ ਮੌਕੇ ਹਾਜ਼ਰ ਪਤਵੰਤਿਆਂ ਤੇ ਸਮਰਥਕਾਂ ਨੇ ਅਨੁਰਾਗ ਮਨਖੰਡ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਤੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਫਗਵਾੜਾ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਯਤਨ ਕੀਤੇ ਜਾਣਗੇ। ਮੰਡੀ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ : ਡਾ. ਚੱਬੇਵਾਲ ਇਸ ਦੌਰਾਨ ਮਾਰਕੀਟ ਕਮੇਟੀ ਚੇਅਰਮੈਨ ਅਨੁਰਾਗ ਮਨਖੰਡ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਹੈ ਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮੰਡੀ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਝੋਨੇ ਦੀ ਰਸਮੀ ਖਰੀਦ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਕਿਸਾਨਾਂ ਲਈ ਪੰਜਾਬ ਸਰਕਾਰ ਵਲੋਂ ਹਰ ਜ਼ਰੂਰੀ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਾਰਦਾਨੇ ਦੀ ਘਾਟ ਨਹੀਂ ਹੋਣ ਦਿੱਤੀ ਜਾਵੇਗੀ ਤੇ ਲਿਫਟਿੰਗ ਤੇ ਅਦਾਇਗੀ ਦਾ ਕੰਮ ਵੀ ਸਮੇਂ ਸਿਰ ਪੂਰਾ ਕਰਵਾਇਆ ਜਾਵੇਗਾ।