ਅਕਾਲ ਅਕੈਡਮੀ ਮੰਡੇਰ ਦੋਨਾ ’ਚ ਸਮਾਰੋਹ ਕਰਵਾਇਆ ਅਕਾਲ ਅਕੈਡਮੀ ਮੰਡੇਰ ਦੋਨਾ ਵਿਖੇ ਸਾਲਾਨਾ ਸਪੋਰਟਸ, ਗ੍ਰੈਂਡਪੇਰੈਂਟਸ ਡੇ ਤੇ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ
Publish Date: Thu, 29 Oct 2026 08:47 PM (IST)
Updated Date: Thu, 29 Oct 2026 08:55 PM (IST)
ਖੇਡਾਂ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਮਜ਼ਬੂਤ ਕਰਦੀਆਂ ਹਨ : ਪ੍ਰਿੰ. ਮਾਹਲ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਅਕਾਲ ਅਕੈਡਮੀ ਮੰਡੇਰ ਦੋਨਾਂ ਵਿਖੇ ਸਾਲਾਨਾ ਸਪੋਰਟਸ ਡੇ (ਸੈਸ਼ਨ 2026-27), ਗ੍ਰੈਂਡਪੇਰੈਂਟਸ ਡੇ ਤੇ ਗ੍ਰੈਜੂਏਸ਼ਨ ਡੇ ਸਮਾਰੋਹ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਖੇਡਾਂ, ਸੱਭਿਆਚਾਰਕ ਪ੍ਰਤਿਭਾਵਾਂ ਤੇ ਅਕਾਦਮਿਕ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨਾ ਤੇ ਦਾਦਾ-ਦਾਦੀ, ਨਾਨਾ-ਨਾਨੀ ਦੇ ਪਿਆਰ ਤੇ ਸਤਿਕਾਰ ਨੂੰ ਸਮਰਪਿਤ ਕਰਨਾ ਸੀ। ਪ੍ਰਿੰਸੀਪਲ ਮਨਜੀਤ ਕੌਰ ਮਾਹਲ ਵੱਲੋਂ ਰਿਬਨ ਕੱਟਣ ਦੀ ਰਸਮ ਅਦਾ ਕਰਨ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਦੇਹ ਸ਼ਿਵਾ ਬਰ ਮੋਹੇ ਸ਼ੁਭ ਕਰਮਨ ਤੇ ਦੀ ਪੇਸ਼ਕਾਰੀ ਕੀਤੀ ਗਈ ਤੇ ਪ੍ਰਿੰਸੀਪਲ ਨੇ ਆਏ ਹੋਏ ਪਤਵੰਤਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਕਹਿੰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਇਕ ਮਨਮੋਹਕ ਪੇਸ਼ਕਾਰੀ ਕੀਤੀ। ਨਰਸਰੀ ਤੋਂ ਯੂਕੇਜੀ ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਆਪਣੀ ਚੁਸਤੀ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਨਰਸਰੀ ਤੋਂ ਦੂਜੀ ਜਮਾਤ ਤੱਕ ਸਾਲਾਨਾ ਇਨਾਮ ਵੰਡ (2025-26) ਤੇ ਗ੍ਰੈਜੂਏਸ਼ਨ ਸਮਾਰੋਹ ਰਾਹੀਂ ਬੱਚਿਆਂ ਨੂੰ ਇਨਾਮ ਵੰਡੇ ਗਏ। ਗ੍ਰੈਂਡਪੇਰੈਂਟਸ ਡੇ ਨੂੰ ਸਮਰਪਿਤ ਬੱਚਿਆਂ ਨੇ “ਦਾਦੀ ਅੰਮਾ, ਦਾਦੀ ਅੰਮਾ, ਮਾਨ ਜਾਓ” ਗੀਤ ਤੇ ਚੌਥੀ ਜਮਾਤ ਦੀ ਹਰਿਤਾ ਵਰਮਾ ਨੇ ਕਵਿਤਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ “ਆਹਾ ਟਮਾਟਰ ਬੜਾ ਮਜ਼ੇਦਾਰ” ਦੀ ਪੇਸ਼ਕਾਰੀ ਨਾਲ ਸਮਾਗਮ ਵਿੱਚ ਰੌਣਕ ਭਰ ਦਿੱਤੀ। ਇਸ ਮੌਕੇ ਬੱਚਿਆਂ ਦੇ ਦਾਦਾ-ਦਾਦੀ ਤੇ ਮਾਪਿਆਂ ਲਈ ਵਿਸ਼ੇਸ਼ ਖੇਡਾਂ ਕਰਵਾਈਆਂ ਗਈਆਂ। ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਵੀ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਖੇਡਾਂ ਦੇ ਨਤੀਜਿਆਂ ਤੋਂ ਬਾਅਦ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।