ਪਿੰਡ ਹੈਬਤਪੁਰ’ਚ ਧਾਰਮਿਕ ਸਮਾਗਮ ਕਰਵਾਇਆ ਪਿੰਡ ਹੈਬਤਪੁਰ ਵਿਖੇ ਨਗਰ ਦੀ ਸੁੱਖ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਸਲਾਨਾ ਧਾਰਮਿਕ ਸਮਾਗਮ ਕਰਵਾਇਆ
Publish Date: Mon, 31 Aug 2026 10:12 PM (IST)
Updated Date: Mon, 31 Aug 2026 10:13 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਹੈਬਤਪੁਰ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਪਿੰਡ ਦੀ ਸੁੱਖ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦੇ ਨਾਲ-ਨਾਲ ਫ਼ਸਲਾਂ ਤੇ ਮਾਲ-ਡੰਗਰ ਦੀ ਚੜ੍ਹਦੀ ਕਲਾ ਲਈ ਸਾਂਝੇ ਤੌਰ ’ਤੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੁੱਚੇ ਨਗਰ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਨਾਲ ਹੋਈ। ਸਵੇਰੇ 9 ਵਜੇ ਭੋਗ ਪਾਏ ਜਾਣ ਉਪਰੰਤ ਪੰਥ ਦੇ ਮਹਾਨ ਵਿਦਵਾਨ, ਖੋਜੀ ਤੇ ਢਾਡੀ ਭਾਈ ਮਨਜੀਤ ਸਿੰਘ ਮੇਲੀ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਤੇ ਗੁਰ-ਇਤਿਹਾਸ ਨਾਲ ਜੋੜਦਿਆਂ ਗੁਰਮਤਿ ਵਿਚਾਰਾਂ ਤੇ ਇਤਿਹਾਸਕ ਪ੍ਰਸੰਗਾਂ ਤੋਂ ਜਾਣੂ ਕਰਵਾਇਆ ਗਿਆ। ਢਾਡੀ ਜਥੇ ਵੱਲੋਂ ਕੀਤੀ ਗਈ ਗੁਰਮਤਿ ਤੇ ਵਿਰਸੇ ਨਾਲ ਜੋੜਦੀ ਪੇਸ਼ਕਾਰੀ ਨੂੰ ਸੰਗਤਾਂ ਨੇ ਸ਼ਰਧਾ ਨਾਲ ਸਰਵਣ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮਨਜੀਤ ਸਿੰਘ ਮੇਲੀ ਦੇ ਢਾਡੀ ਜਥੇ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪਿੰਡ ਦੀਆਂ ਬੀਬੀਆਂ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਕੇ ਲੰਗਰ ਲਈ ਪ੍ਰਸ਼ਾਦੇ ਤਿਆਰ ਕੀਤੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਪਿੰਡ ਹੈਬਤਪੁਰ ਦੇ ਮੁੱਖ ਗ੍ਰੰਥੀ ਗਿਆਨੀ ਮਨਜੀਤ ਸਿੰਘ ਮੇਲੀ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਨਗਰ ਨਿਵਾਸੀ ਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਤੇ ਗੁਰਮਤਿ ਮਾਰਗ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਾ ਅਤੇ ਸੇਵਾ ਦੀ ਭਾਵਨਾ ਵੀ ਮਜ਼ਬੂਤ ਕਰਦੇ ਹਨ।