7 ਨਕਸਲੀ ਸ਼ਹੀਦਾਂ ਦੀ ਯਾਦ ’ਚ ਸਲਾਨਾ ਸਮਾਗਮ ਅੱਜ ਲੋਕ ਘੋਲਾਂ 'ਚ ਜਾਨਾਂ ਵਾਰ ਗਏ 7 ਨਕਸਲੀ ਸ਼ਹੀਦਾਂ ਦੀ ਯਾਦ ’ਚ ਸਲਾਨਾ ਸਮਾਗਮ ਅੱਜ
Publish Date: Tue, 08 Sep 2026 10:30 PM (IST)
Updated Date: Tue, 08 Sep 2026 10:31 PM (IST)
ਵੱਖ-ਵੱਖ ਸ਼ਖ਼ਸੀਅਤਾਂ ਸ਼ਹੀਦਾਂ ਨੂੰ ਦੇਣਗੀਆਂ ਸ਼ਰਧਾਂਜਲੀ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਲੋਕ ਘੋਲਾਂ ਦੇ ਸਗਰਾਮੀ ਪਿੜ ਕਾਲਾ ਸੰਘਿਆਂ ਦੀ ਧਰਤੀ ਦੇ ਇਤਿਹਾਸ ਚ 9 ਸਤੰਬਰ 1973 ਨੂੰ ਹੋਏ ਨਕਸਲੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਸਿਆਸੀ ਕਾਨਫਰੰਸ ਦਾਣਾ ਮੰਡੀ ਕਾਲਾ ਸੰਘਿਆਂ ਵਿਖੇ ਸਵੇਰੇ 11 ਵਜੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਲਨਵਾਦੀ) ਨਿਊ ਡੈਮੋਕਰੇਸੀ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਵੱਖ-ਵੱਖ ਬੁਲਾਰੇ ਵਿਚਾਰ ਸਾਂਝੇ ਕਰਨਗੇ। ਇਨ੍ਹਾਂ ਸਹੀਦਾਂ ਦੇ ਸੰਘਰਸ਼ਮਈ ਜੀਵਨ ’ਤੇ ਜੇਕਰ ਪੰਛੀ ਝਾਤ ਮਾਰੀਏ ਤਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਅਹਿਮ ਹਿੱਸਾ ਪਾਉਣ ਵਾਲੇ ਗਦਰੀ ਲਹਿਰ ਦੇ ਸਰਗਰਮ ਆਗੂ ਗਦਰੀ ਬਾਬਾ ਹਰਨਾਮ ਸਿੰਘ ਦਾ ਪੋਤਰਾ ਕਾਮਰੇਡ ਤੇਜਾ ਸਿੰਘ ਜੋ ਪੇਸ਼ੇ ਵਜੋਂ ਅਧਿਆਪਕ ਸੀ, ਪ੍ਰੋ. ਹਰਭਜਨ ਸਿੰਘ, ਕਾਮਰੇਡ ਜੋਗਿੰਦਰ ਸਿੰਘ, ਸਰਦਾਰ ਚਰਨਜੀਤ ਸਿੰਘ, ਸਰਦਾਰ ਗੁਰਦੀਪ ਸਿੰਘ ਆਦਿ ਆਗੂ ਆਪਣੀਆਂ ਸਰਗਰਮੀਆਂ ਦੌਰਾਨ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰਿਤ ਕਰਦੇ ਰਹਿੰਦੇ ਸਨ। ਕਿਸਾਨ ਯੂਨੀਅਨ ਦੇ ਪਹਿਲੇ ਪ੍ਰਧਾਨ ਕਾਮਰੇਡ ਤੇਜਾ ਸਿੰਘ ਨੇ ਯੂਨੀਅਨ ਨੂੰ ਮਿਲੇ ਲੋਕਾਂ ਦੇ ਭਾਰੀ ਸਮਰਥਨ ਉਪਰੰਤ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਚੌਧਰੀਆਂ, ਸਰਕਾਰ ਨਵਾਜ਼ ਲੋਕਾਂ ਨੂੰ ਚੁਣੌਤੀ ਦੇਣ ਲਈ ਪਹਿਲੀ ਲੋਕ ਅਦਾਲਤ ਕਾਲਾ ਸੰਘਿਆਂ ਵਿਚ ਅਯੋਜਿਤ ਕੀਤੀ ਸੀ। ਹਜ਼ਾਰਾਂ ਲੋਕਾਂ ਦੀ ਮੌਜੂਦਗੀ ਚ ਕਈ ਦੇ ਕੇਸ ਵਿਚਾਰ ਕੇ ਸਬੰਧਤ ਵਿਅਕਤੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਤੇ ਜ਼ਮੀਨ ਦੇ ਅਸਲ ਮਾਲਕਾਂ ਦਾ ਕਬਜ਼ਾ ਜ਼ਮੀਨ ਤੇ ਬਹਾਲ ਕਰਵਾਇਆ ਗਿਆ। ਪੁਲਿਸ ਨੇ ਲਹਿਰ ਦੇ ਆਗੂਆਂ ਨੂੰ ਇਕੱਲੇ-ਇਕੱਲੇ ਕਰਕੇ ਫੜਨਾ ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਜਬਰ ਵਿਰੁੱਧ ਇਕੱਠੇ ਲੋਕਾਂ ਨੇ ਉਸ ਸਮੇਂ ਕਪੂਰਥਲਾ ਥਾਣੇ ਦਾ ਘਿਰਾਓ ਕੀਤਾ ਤੇ ਇਹ ਘਿਰਾਓ ਧਰਨਾ ਉਨ੍ਹਾਂ ਸਮਾਂ ਜਾਰੀ ਰਿਹਾ ਜਿਨਾਂ ਚਿਰ ਫੜੇ ਗਏ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਰੋਸ ਮਾਰਚ ਜਥੇਬੰਦ ਕਰਕੇ 9 ਸਤੰਬਰ 1973 ਨੂੰ ਵਿਸ਼ਾਲ ਮਾਰਚ ਕੱਢਿਆ ਗਿਆ ਤੇ ਇਹ ਰੋਸ ਮਾਰਚ ਕਾਲਾ ਸੰਘਿਆਂ ਪਹੁੰਚ ਗਿਆ, ਜਿੱਥੇ ਪੁਲਿਸ ਨੇ ਮਾਰਚ ਨੂੰ ਰੋਕਣ ਦਾ ਹਰ ਹੱਥਕੰਡਾ ਵਰਤਿਆ। ਪੁਲਿਸ ਤੇ ਲੋਕਾਂ ਦਰਮਿਆਨ ਹੋਈ ਝੜਪ ਪਿਛੋਂ ਕਾਮਰੇਡ ਤਰਸੇਮ ਟੁੱਟ ਸ਼ੇਰ ਸਿੰਘ ਤੇ ਮਾਸਟਰ ਸਵਰਨ ਸਿੰਘ ਢੱਡਾ ਸ਼ਹੀਦ ਹੋ ਗਏ ਤੇ ਉਨ੍ਹਾਂ ਦੇ ਹੋਰ ਦਰਜ਼ਨਾਂ ਸਾਥੀ ਫੱਟੜ ਹੋ ਗਏ। ਜ਼ਿਆਦਾਤਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਲਹਿਰ ਹੋਰ ਪ੍ਰਚੰਡ ਹੋ ਗਈ ਪ੍ਰੰਤੂ ਪਲਿਸ ਨੇ ਕਾਮਰੇਡ ਤੇਜਾ ਸਿੰਘ, ਗੁਰਦੀਪ ਸਿੰਘ ਦੀਪਾ ਗੋਬਿੰਦਪੁਰ, ਬਿਕਰਮਜੀਤ ਸਿੰਘ ਬਿੱਲੂ, ਗੁਰਦਿਆਲ ਸਿੰਘ ਕਾਲਾ ਸੰਘਿਆ ਨੂੰ ਝੂਠੇ ਮੁਕਾਬਲੇ ਚ ਸ਼ਹੀਦ ਕਰ ਦਿੱਤਾ। ਨਕਸਲੀ ਲਹਿਰ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਚ ਸ਼ਹੀਦੀ ਸਮਾਰਕ ਬਣਾਈ ਗਈ ਹੈ ਜਿੱਥੇ ਅੱਜ ਲਾਲ ਝੰਡਾ ਚੜਾਇਆ ਜਾਵੇਗਾ ਤੇ ਸ਼ਹੀਦਾਂ ਨੂੰ ਲਾਲ ਸਲਾਮ ਕੀਤੀ ਜਾਵੇਗੀ।