ਪੈਨਸ਼ਨਰ ਜੁਆਇੰਟ ਫਰੰਟ ਦੀ 29 ਜੁਲਾਈ ਦੀ ਸੰਗਰੂਰ ਰੈਲੀ ਤੇ ਮਾਰਚ ’ਚ ਸ਼ਾਮਲ ਹੋਣ ਦਾ ਐਲਾਨ ਪੈਨਸ਼ਨਰ ਜੁਆਇੰਟ ਫਰੰਟ ਦੀ 29 ਜੁਲਾਈ ਦੀ ਸੰਗਰੂਰ ਰੈਲੀ ਅਤੇ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ*
Publish Date: Sun, 12 Jul 2026 09:06 PM (IST)
Updated Date: Sun, 12 Jul 2026 09:09 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੀ ਮਹੀਨਾਵਾਰ ਮਾਸਿਕ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ.) ਦੇ ਸੂਬਾ ਸਹਾਇਕ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਦੱਸਿਆ ਕਿ ਮੀਟਿੰਗ ਦੇ ਆਰੰਭ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਐਸੋਸੀਏਸ਼ਨ ਦੇ ਮੈਂਬਰ ਮਹਿੰਦਰ ਸਿੰਘ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਟਰੱਸਟੀ ਐਡਵੋਕੇਟ ਰਜਿੰਦਰ ਮੰਡ ਆਦਿ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜੁਲਾਈ ਮਹੀਨੇ ਵਿੱਚ ਐਸੋਸੀਏਸ਼ਨ ਦੇ ਜਿਹਨਾਂ ਮੈਂਬਰਾਂ ਦਾ ਜਨਮ ਦਿਨ ਆਉਂਦਾ ਹੈ, ਖ਼ਾਸ ਤੌਰ ’ਤੇ ਪੂਰੀ ਜ਼ਿੰਦਗੀ ਸੰਘਰਸ਼ਾਂ ਦੇ ਪਾਂਧੀ ਰਹੇ ਸਾਥੀ ਪ੍ਰੀਤਮ ਸਿੰਘ ਆਜ਼ਾਦ ਨੂੰ ਉਹਨਾਂ ਦੇ 100ਵੇਂ ਜਨਮ ਦਿਨ ਦੀ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਤੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀ ਦੀ ਜ਼ੋਰਦਾਰ ਢੰਗ ਨਾਲ ਨਿੰਦਿਆ ਕਰਦੇ ਹੋਏ ਕਿਹਾ ਕਿ ਹੁਣ ਤੱਕ ਦੀਆਂ ਸਭ ਸਰਕਾਰਾਂ ਨਾਲੋਂ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਸਭ ਤੋਂ ਵੱਧ ਨਿਕੰਮੀ ਸਰਕਾਰ ਸਾਬਿਤ ਹੋਈ ਹੈ, ਜੋ ਕਿ ਸਵਾ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੁਝ ਦੇਣ ਦੀ ਬਜਾਏ ਲੰਬੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕ ਖੋਹਣ ਲਈ ਲਗਾਤਾਰ ਯਤਨਸ਼ੀਲ ਹੈ। ਹਾਈ ਕੋਰਟ ਦੇ ਫੈਸਲੇ ਅਨੁਸਾਰ 18 ਪ੍ਰਤੀਸ਼ਤ ਡੀਏ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ ਦੇਣ ਨੂੰ ਲੰਬੇ ਸਮੇਂ ਤੱਕ ਲਟਕਾਉਣ ਲਈ ਹਾਈ ਕੋਰਟ ਵਿੱਚ ਫੈਸਲੇ ਦੇ ਵਿਰੁੱਧ ਅਪੀਲਾਂ ਪਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਆਪਣੇ ਪ੍ਰਤੀ ਹੋਰ ਵੀ ਗੁੱਸਾ ਪੈਦਾ ਕਰ ਰਹੀ ਹੈ। ਪਿਛਲੇ ਸਮੇਂ ਦੌਰਾਨ ਸੰਘਰਸ਼ਾਂ ਵਿੱਚ ਕੀਤੀ ਗਈ ਸ਼ਮੂਲੀਅਤ ’ਤੇ ਤਸੱਲੀ ਪ੍ਰਗਟ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ 29 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਅਤੇ ਮਾਰਚ ਵਿੱਚ ਅਤੇ ਸਮੂਹ ਵਰਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੇ ਉਪਰਾਲੇ ਤੇਜ਼ ਕੀਤੇ ਜਾਣਗੇ। ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦੋਨੋਂ ਸੂਬਾਈ ਰੈਲੀਆਂ ਵਿੱਚ ਸ਼ਾਮਲ ਹੋਣ ਲਈ ਹੁਣ ਤੋਂ ਹੀ ਮਾਨਸਿਕ ਤੌਰ ’ਤੇ ਤਿਆਰ ਰਿਹਾ ਜਾਵੇ। ਐਸੋਸੀਏਸ਼ਨ ਦੇ ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨਾਲ ਆਮਦਨ ਅਤੇ ਖਰਚੇ ਦੇ ਵੇਰਵੇ ਸਾਂਝੇ ਕਰਦੇ ਹੋਏ ਕੀਤੇ ਗਏ ਖਰਚਿਆਂ ਨੂੰ ਪਾਸ ਕਰਵਾਇਆ ਗਿਆ। ਮੀਟਿੰਗ ਦੇ ਆਖ਼ਰ ਵਿੱਚ ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਘਰਾਂ ਵਿੱਚ ਬੈਠੇ ਮੈਂਬਰਾਂ ਨੂੰ ਨਿਮਰਤਾ ਸਹਿਤ ਅਪੀਲ ਵੀ ਕੀਤੀ ਕਿ ਸਮੂਹ ਮੈਂਬਰ ਐਸੋਸੀਏਸ਼ਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਾਸਿਕ ਮੀਟਿੰਗ ਵਿੱਚ ਅਤੇ ਹੋਰ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਲਈ ਗੰਭੀਰਤਾ ਨਾਲ ਉਪਰਾਲਾ ਜ਼ਰੂਰ ਕਰਨ ਤਾਂ ਜੋ ਮੰਗਾਂ ਨੂੰ ਮੰਨਵਾਉਣ ਲਈ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਉਹਨਾਂ ਨੇ ਸਮੂਹ ਜ਼ਿੰਮੇਵਾਰ ਮੈਂਬਰਾਂ ਨੂੰ ਆਪਣਾ ਸਾਲ 2026 ਦਾ ਸਾਲਾਨਾ ਸੰਘਰਸ਼ ਫੰਡ ਜਮ੍ਹਾਂ ਕਰਵਾਉਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੋਦ ਕੁਮਾਰ ਜੋਸ਼ੀ, ਗੁਰਨਾਮ ਸਿੰਘ ਸੈਣੀ, ਸਤਪਾਲ ਸਿੰਘ ਖੱਟਕੜ, ਸੀਤਲ ਰਾਮ ਬੰਗਾ, ਪਿਸ਼ੌਰੀ ਲਾਲ ਸ਼ਾਸ਼ਤਰੀ, ਪਿਆਰਾ ਰਾਮ ਜੱਸੀ, ਰਤਨ ਸਿੰਘ ਗੁਰਾਇਆ, ਬਲਬੀਰ ਸਿੰਘ ਕੂਨਰ, ਜੋਗਿੰਦਰ ਸਿੰਘ ਕੁਲਦੀਪ ਸਿੰਘ ਕੌੜਾ ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।