ਖਾਲਸਾ ਸਕੂਲ ’ਚ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਖਾਲਸਾ ਸਕੂਲ ’ਚ ਅੰਮ੍ਰਿਤ ਸੰਚਾਰ ਸਬੰਧੀ ਸਮਾਗਮ ਕਰਵਾਇਆ
Publish Date: Thu, 22 Oct 2026 08:08 PM (IST)
Updated Date: Thu, 22 Oct 2026 08:09 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਨਨਕਾਣਾ ਸਾਹਿਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਿੱਖ ਧਰਮ, ਗੁਰਬਾਣੀ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਦੇ ਉਦੇਸ਼ ਨਾਲ ਧਰਮ ਪ੍ਰਚਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੀਬੀ ਗੁਰਪ੍ਰੀਤ ਕੌਰ, ਭਾਈ ਦਿਲਭਾਗ ਸਿੰਘ, ਬੀਬੀ ਹਰਪ੍ਰੀਤ ਕੌਰ ਤੇ ਭਾਈ ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੌਰਾਨ ਧਰਮ ਪ੍ਰਚਾਰਕਾਂ ਨੇ ਵਿਦਿਆਰਥੀਆਂ ਨਾਲ ਸਿੱਖ ਧਰਮ ਦੇ ਮਹਾਨ ਇਤਿਹਾਸ, ਗੁਰਬਾਣੀ ਦੀ ਮਹੱਤਤਾ ਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚ ਬੋਲਣ, ਨਿਮਰਤਾ ਅਪਣਾਉਣ, ਨਾਮ ਸਿਮਰਨ ਕਰਨ ਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅੰਮ੍ਰਿਤ ਸੰਚਾਰ ਸਮਾਗਮ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਵਿਦਿਆਰਥੀਆਂ ਨੂੰ ਸਿੱਖੀ ਦੇ ਸਿਧਾਂਤਾਂ ਤੇ ਸਿੱਖ ਰਹਿਤ ਮਰਿਆਦਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਬੀਬੀ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿੱਖੀ ਦੇ ਮੁੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਤੇ ਮਜ਼ਬੂਤ ਕਿਰਦਾਰ ਦੀ ਉਸਾਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਲੜਕੀਆਂ ਦਾ ਸਤਿਕਾਰ ਕਰਨ ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਹਰ ਲੜਕੀ ਨੂੰ ਆਪਣੀ ਛੋਟੀ ਭੈਣ ਵਾਂਗ ਸਮਝਣਾ ਤੇ ਉਸ ਨਾਲ ਸਤਿਕਾਰ ਤੇ ਸੁਰੱਖਿਆ ਵਾਲਾ ਵਿਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਆਪਸੀ ਪਿਆਰ, ਸਾਂਝ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਨਿਧੀ ਸੰਗੋਤਰਾ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਤੇ ਪ੍ਰੇਰਨਾਦਾਇਕ ਸਮਾਗਮ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਤੇ ਉਨ੍ਹਾਂ ਨੂੰ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।