ਪੀਆਰਟੀਸੀ ਡਿਪੂ ’ਚ ਫੂਕੀ ਪੰਜਾਬ ਸਰਕਾਰ ਦੀ ਅਰਥੀ ਹੱਕੀ ਅਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਕਾਰਨ ਪੰਜਾਬ ਸਰਕਾਰ ਦਾ ਅਰਥੀ ਫੂਕ ਰੋਸ ਮਾਰਚ ਕੀਤਾ
Publish Date: Fri, 25 Sep 2026 09:35 PM (IST)
Updated Date: Fri, 25 Sep 2026 09:36 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੀਆਰਟੀਸੀ ਕਪੂਰਥਲਾ ਡਿਪੂ ਵਿਚ ਵੀ ਅੱਜ ਤਨਖਾਹ ਤੇ ਪੈਨਸ਼ਨ ਮੁਲਾਜ਼ਮਾਂ ਨੂੰ ਨਾ ਮਿਲਣ ਕਾਰਨ ਤੇ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਰੋਸ ਮਾਰਚ ਕੀਤਾ ਗਿਆ। ਪੀਆਰਟੀਸੀ ਦੀ ਕੇਂਦਰੀ ਕਮੇਟੀ ਦੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਸਾਰੇ ਡਿਪੂਆਂ ਵਿਚ ਪੰਜਾਬ ਸਰਕਾਰ ਦੇ ਅਰਥੀ ਫੂਕ ਰੋਸ ਪ੍ਰਦਰਸ਼ਨ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ ਦੇ ਸਬੰਧ ਵਿਚ ਅੱਜ ਪੀਆਰਟੀਸੀ ਕਪੂਰਥਲਾ ਡਿਪੂ ਵਿਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਗੇਟ ਰੈਲੀ ਕਰਕੇ ਬੱਸ ਸਟੈਂਡ ਕਪੂਰਥਲਾ ਵਿਚ ਰੋਸ ਮਾਰਚ ਕੀਤਾ ਗਿਆ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਦੀ ਅਗਵਾਈ ਕੇਂਦਰੀ ਐਕਸ਼ਨ ਕਮੇਟੀ ਮੈਂਬਰ ਤੇ ਸੂਬਾ ਪ੍ਰਧਾਨ ਐੱਸਸੀ/ਬੀਸੀ ਮੁਲਾਜ਼ਮ ਜਥੇਬੰਦੀ ਨੇ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਹੁਣ ਤੱਕ 33 ਫੀਸਦੀ ਤਨਖਾਹ ਹੀ ਮਿਲੀ ਹੈ, ਬਾਕੀ ਦੀ ਤਨਖਾਹ ਤੇ ਪੈਨਸ਼ਨ ਦੂਜਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਪਰ ਅਜੇ ਤੱਕ ਨਹੀਂ ਦਿੱਤੀ ਗਈ। ਪੀਆਰਟੀਸੀ ਦੇ ਹਲਾਤ ਬਦ ਤੋਂ ਬਦਤਰ ਹੋ ਗਏ ਹਨ ਤੇ ਇਹ ਵਿੱਤੀ ਸੰਕਟ ਦੇ ਬੋਝ ਥੱਲੇ ਦੱਬ ਗਈ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗਾਂ ਦੇ ਸਬੰਧ ਵਿਚ ਕਿਹਾ ਕਿ 800 ਕਰੋੜ ਦੀ ਰਕਮ ਪੰਜਾਬ ਸਰਕਾਰ ਵੱਲੋਂ ਜੋ ਮੁਫ਼ਤ ਸਫ਼ਰ ਸਹੂਲਤ ਦੀ ਬਣਦੀ ਹੈ, ਤੁਰੰਤ ਰਲੀਜ਼ ਕੀਤੀ ਜਾਵੇ। ਪੀਆਰਟੀਸੀ ਵਿਚ ਆਪਣੀ ਮਾਲਕੀ ਦੀਆਂ ਨਵੀਆਂ ਬੱਸਾਂ ਪਾਈਆਂ ਜਾਣ, ਤਨਖਾਹ ਤੇ ਪੈਨਸ਼ਨ ਸਮੇਂ ਸਿਰ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਕੀਤੀ ਜਾਵੇ, ਬਣਦੀਆਂ ਤਰੱਕੀਆਂ ਕੀਤੀਆਂ ਜਾਣ। ਰਿਟਾਇਰਡ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਰਿਟਾਇਰ ਹੋਏ ਮੁਲਾਜ਼ਮਾਂ ਦੀ ਗਰੈਚਿਟੀ, ਪ੍ਰੀਵਸਕੈਸ਼ਮੈਂਟ ਤੁਰੰਤ ਦਿੱਤੀ ਜਾਵੇ, ਪੱਕੀ ਭਰਤੀ ਕੀਤੀ ਜਾਵੇ, ਰਿਜ਼ਰਵੇਸ਼ਨ ਦਾ ਬੈਕਲਾਗ ਪੂਰਾ ਕੀਤਾ ਜਾਵੇ, 1992 ਤੋਂ ਰਹਿ ਗਏ ਪੈਨਸ਼ਨ ਤੋਂ ਵਾਂਝੇ ਕਰਮਚਾਰੀਆਂ ਨੂੰ ਪੈਨਸ਼ਨ ਦਿੱਤੀ ਜਾਵੇ, ਚੈਕਿੰਗ ਅਧਿਕਾਰੀਆਂ ਦਾ ਟੀਏ ਤੇ ਡੀਏ ਵਿਚ ਵਾਧਾ ਕੀਤਾ ਜਾਵੇ, ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਕੀਤੀਆਂ ਜਾਣ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਜੋ ਚਿਰਾਂ ਤੋਂ ਲਟਕ ਰਹੀਆਂ ਹਨ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਬਰਿੰਦਰ ਸੋਹਲ ਕਰਮਚਾਰੀ ਦਲ, ਹਰਪ੍ਰੀਤ ਸਿੰਘ ਏਟਕ, ਬਲਦੇਵ ਸਿੰਘ, ਮਨਜੀਤ ਸਿੰਘ, ਗੰਗਾਲਾਲ ਇੰਟਕ, ਸਾਹਿਲ ਭਗਤ ਐੱਸਸੀ/ਬੀਸੀ, ਅਰਸ਼ਦੀਪ ਸੀਆਈਟੀਯੂ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਅੰਗਰੇਜ਼ ਸਿੰਘ, ਦਿਲਵਰਜੀਤ ਸਿੰਘ, ਸਤਿੰਦਰਪਾਲ, ਹਰਜਿੰਦਰ ਸਿੰਘ ਚਾਹਲ, ਰਜਿੰਦਰ ਧੰਜੂ, ਪ੍ਰਗਟ ਸਿੰਘ, ਨਿਰਮਲਜੀਤ ਸਿੰਘ, ਸੁਸ਼ੀਲ ਕੁਮਾਰ, ਰਜਿੰਦਰ ਕੌਰ, ਸਰਬਜੀਤ ਕੌਰ, ਰੋਜ਼ੀ, ਸਿਮਰਨਜੀਤ ਕੌਰ, ਪ੍ਰਦੀਪ ਕੁਮਾਰ, ਗੁਰਮੁੱਖ ਸਿੰਘ, ਬਲਜਿੰਦਰ ਸਿੰਘ ਬਿੱਟਾ, ਜਗਮੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਥੀ ਸ਼ਾਮਲ ਸਨ।