ਪਹਿਲੀ ਨੂੰ ਕਪੂਰਥਲਾ ’ਚ ਫੂਕਿਆ ਜਾਵੇਗਾ ਮਾਨ ਸਰਕਾਰ ਦਾ ਪੁਤਲਾ 1013 ਲੈਕਚਰਾਰਾਂ ਦੀ ਭਰਤੀ ’ਚ ਐਸਸੀ-ਬੀਸੀ ਕੋਟੇ ਨਾਲ ਬੇਇਨਸਾਫ਼ੀ ਖ਼ਿਲਾਫ਼ 1 ਸਤੰਬਰ ਨੂੰ ਕਪੂਰਥਲਾ ’ਚ ਫੂਕਿਆ ਜਾਵੇਗਾ ਸਰਕਾਰ ਦਾ ਪੁਤਲਾ
Publish Date: Sat, 29 Aug 2026 09:14 PM (IST)
Updated Date: Sat, 29 Aug 2026 09:16 PM (IST)
--1013 ਲੈਕਚਰਾਰਾਂ ਦੀ ਭਰਤੀ ’ਚ ਐੱਸਸੀ-ਬੀਸੀ ਕੋਟੇ ਨਾਲ ਹੋ ਰਹੀ ਬੇਇਨਸਾਫ਼ੀ --ਰਾਖਵਾਂਕਰਨ ਕੋਈ ਅਹਿਸਾਨ ਨਹੀਂ, ਸੰਵਿਧਾਨਕ ਹੱਕ ਹੈ : ਗਿੱਲ ਪਰਮਜੀਤ ਸਿੰਘ/ਸੁੱਖੀ ਟਿੱਬਾ, ਪੰਜਾਬੀ ਜਾਗਰਣ ਆਰਸੀਐੱਫ/ਡਡਵਿੰਡੀ : ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀ ਜਾ ਰਹੀ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐੱਸਸੀ ਤੇ ਬੀਸੀ ਵਰਗਾਂ ਨੂੰ ਉਨ੍ਹਾਂ ਦਾ ਬਣਦਾ ਕ੍ਰਮਵਾਰ 25 ਫ਼ੀਸਦੀ ਤੇ 12 ਫ਼ੀਸਦੀ ਰਾਖਵਾਂ ਕੋਟਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਐੱਸਸੀ-ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਵੱਲੋਂ ਇਸ ਮਾਮਲੇ ਨੂੰ ਲੈ ਕੇ 1 ਸਤੰਬਰ 2026 ਨੂੰ ਡੀਸੀ ਕੰਪਲੈਕਸ ਕਪੂਰਥਲਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਮੁਜ਼ਾਹਰੇ ਰਾਹੀਂ ਸਰਕਾਰ ਤੋਂ ਲੈਕਚਰਾਰਾਂ ਦੀ ਭਰਤੀ ਵਿੱਚ ਐੱਸਸੀ ਤੇ ਬੀਸੀ ਵਰਗਾਂ ਦਾ ਬਣਦਾ ਰਾਖਵਾਂ ਕੋਟਾ ਯਕੀਨੀ ਬਣਾਉਣ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਮਾਜਿਕ ਨਿਆਂ ਤੇ ਪੱਛੜੇ ਵਰਗਾਂ ਦੇ ਹੱਕਾਂ ਦੀ ਰਾਖੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ 1013 ਲੈਕਚਰਾਰਾਂ ਦੀ ਭਰਤੀ ਵਿੱਚ ਐੱਸਸੀ-ਬੀਸੀ ਵਰਗਾਂ ਦਾ ਬਣਦਾ ਕੋਟਾ ਯਕੀਨੀ ਨਾ ਬਣਾਉਣਾ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਕੋਈ ਖ਼ੈਰਾਤ ਜਾਂ ਸਰਕਾਰ ਵੱਲੋਂ ਕੀਤਾ ਗਿਆ ਅਹਿਸਾਨ ਨਹੀਂ, ਸਗੋਂ ਸੰਵਿਧਾਨਕ ਹੱਕ ਹੈ। ਇਸ ਹੱਕ ਨਾਲ ਕਿਸੇ ਵੀ ਤਰ੍ਹਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੈਕਚਰਾਰਾਂ ਦੀ ਭਰਤੀ ਪ੍ਰਕਿਰਿਆ ਦੌਰਾਨ ਐੱਸਸੀ ਤੇ ਬੀਸੀ ਵਰਗਾਂ ਦਾ ਬਣਦਾ ਪੂਰਾ ਰਾਖਵਾਂ ਕੋਟਾ ਤੁਰੰਤ ਯਕੀਨੀ ਬਣਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਸੂਬਾ ਪੱਧਰ ’ਤੇ ਹੋਰ ਤਿੱਖਾ ਤੇ ਵਿਸ਼ਾਲ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।