ਸਰਕਾਰੀ ਨੌਕਰੀਆਂ ਦੀ ਤਿਆਰੀ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਸਰਕਾਰੀ ਨੌਕਰੀਆਂ ਦੀ ਤਿਆਰੀ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Tue, 27 Oct 2026 08:56 PM (IST)
Updated Date: Tue, 27 Oct 2026 08:58 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਕਰੀਅਰ ਕਾਊਂਸਲਿੰਗ ਐਂਡ ਗਾਈਡੈਂਸ ਸੈੱਲ ਵੱਲੋਂ ਪ੍ਰਿੰਸੀਪਲ ਡਾ. ਜਸਮੀਤ ਸੇਠੀ ਦੀ ਯੋਗ ਅਗਵਾਈ ਹੇਠ 22 ਅਕਤੂਬਰ ਨੂੰ ਆਈਬੀਟੀ ਇੰਸਟੀਚਿਊਟ ਜਲੰਧਰ ਦੇ ਸਹਿਯੋਗ ਨਾਲ ਸਰਕਾਰੀ ਨੌਕਰੀਆਂ ਦੀ ਤਿਆਰੀ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਸੈੱਲ ਦੀ ਕਨਵੀਨਰ ਡਾ. ਸਿਮਰਨਜੀਤ ਕੌਰ ਵੱਲੋਂ ਸਰੋਤ ਵਿਅਕਤੀ ਤੇ ਹਾਜ਼ਰ ਅਧਿਆਪਕਾਂ ਦਾ ਨਿੱਘਾ ਸਵਾਗਤ ਕਰਕੇ ਕੀਤੀ ਗਈ। ਇਸ ਮੌਕੇ ਪ੍ਰਦੀਪ ਸਿੰਘ ਮੈਨੇਜਿੰਗ ਡਾਇਰੈਕਟਰ ਆਈਬੀਟੀ ਇੰਸਟੀਚਿਊਟ ਜਲੰਧਰ ਨੇ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੈਂਕਿੰਗ, ਐੱਸਐੱਸਸੀ, ਰੇਲਵੇ, ਰੱਖਿਆ ਸੇਵਾਵਾਂ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪੈਟਰਨ, ਯੋਗਤਾ ਮਾਪਦੰਡਾਂ, ਤਿਆਰੀ ਦੀਆਂ ਪ੍ਰਭਾਵਸ਼ਾਲੀ ਰਣਨੀਤੀਆਂ, ਸਮਾਂ ਪ੍ਰਬੰਧਨ ਤੇ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਫਲਤਾ ਪ੍ਰਾਪਤ ਕਰਨ ਲਈ ਨਿਯਮਤ ਅਭਿਆਸ, ਸਹੀ ਯੋਜਨਾਬੰਦੀ ਤੇ ਲਗਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸ ਸੈਮੀਨਾਰ ਦੌਰਾਨ ਕਰੀਅਰ ਕਾਊਂਸਲਿੰਗ ਐਂਡ ਗਾਈਡੈਂਸ ਸੈੱਲ ਦੇ ਮੈਂਬਰ ਡਾ. ਸ਼ਿਖਾ, ਸੁਨੀਤਾ ਸੁਮਨ, ਕੁਲਵਿੰਦਰ ਕੁਮਾਰ ਤੇ ਅਨੀਤਾ ਮਨੋਚਾ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ। ਅੰਤ ਵਿੱਚ ਡਾ. ਸ਼ਿਖਾ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ ਤੇ ਸਰੋਤ ਵਿਅਕਤੀ ਦਾ ਵਿਦਿਆਰਥੀਆਂ ਨੂੰ ਕੀਮਤੀ ਜਾਣਕਾਰੀ ਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ। ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਜਾਣਕਾਰੀ ਭਰਪੂਰ ਤੇ ਲਾਹੇਵੰਦ ਸਾਬਤ ਹੋਇਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਦੇ ਮੌਕਿਆਂ ਬਾਰੇ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਉਤਸ਼ਾਹਿਤ ਕਰਨਾ ਸੀ।