ਨਾਬਾਰਡ ਨੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਨਾਬਾਰਡ ਕਪੂਰਥਲਾ ਵੱਲੋਂ ਕਰਵਾਇਆ ਗਿਆ ਰਾਸ਼ਟਰਵਿਆਪੀ 'ਗ੍ਰਾਮ ਯੁਵਾ ਸ਼ਕਤੀ ਅਭਿਆਨ' ਤਹਿਤ ਇੱਕ ਜਾਗਰੂਕਤਾ ਅਤੇ ਲਾਮਬੰਦੀ ਪ੍ਰੋਗਰਾਮ
Publish Date: Fri, 20 Nov 2026 07:24 PM (IST)
Updated Date: Fri, 20 Nov 2026 07:25 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਾਬਾਰਡ ਕਪੂਰਥਲਾ ਵੱਲੋਂ 20 ਨਵੰਬਰ ਨੂੰ ਆਰਸੇਟੀ ਕਪੂਰਥਲਾ ਵਿਖੇ ਰਾਸ਼ਟਰਵਿਆਪੀ ਗ੍ਰਾਮ ਯੁਵਾ ਸ਼ਕਤੀ ਅਭਿਆਨ ਤਹਿਤ ਇੱਕ ਜਾਗਰੂਕਤਾ ਤੇ ਲਾਮਬੰਦੀ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ, ਖ਼ਾਸ ਕਰਕੇ ਉਨ੍ਹਾਂ ਨੌਜਵਾਨਾਂ ਲਈ ਉਲੀਕਿਆ ਗਿਆ ਸੀ ਜੋ ਆਪਣਾ ਖੁਦ ਦਾ ਉੱਦਮ (ਕਾਰੋਬਾਰ) ਸਥਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਪ੍ਰੋਗਰਾਮ ਵਿੱਚ ਲਗਭਗ 50 ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਉੱਦਮਤਾ ਦੇ ਮੌਕਿਆਂ, ਸਥਾਪਤ ਈਕੋਸਿਸਟਮ ਤੇ ਉੱਦਮ ਨਿਰਮਾਣ ਵਿੱਚ ਸਹਾਇਤਾ ਲਈ ਉਪਲਬਧ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕੰਵਲਜੀਤ ਸਿੰਘ (ਐੱਲਡੀਐੱਮ, ਕਪੂਰਥਲਾ), ਸੋਨੀਆ ਮੱਕੜ (ਡਾਇਰੈਕਟਰ, ਆਰਸੀਟੀ), ਸਰਬਜੀਤ ਸਿੰਘ (ਅਧਿਕਾਰੀ, ਡੀਆਈਸੀ), ਰਣਜੀਤ ਕੌਰ, ਆਰਸੇਟੀ ਤੇ ਪੀਐੱਸਆਰਐੱਲਐੱਮ ਦੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਸਥਾਨਕ ਪੇਂਡੂ ਨੌਜਵਾਨ, ਸਵੈ-ਸਹਾਇਤਾ ਸਮੂਹਾਂ ਦੇ ਮੈਂਬਰ, ਆਰਸੇਟੀ ਦੇ ਅਧਿਕਾਰੀ ਤੇ ਉੱਦਮੀ ਵੀ ਮੌਜੂਦ ਰਹੇ। ਇਸ ਮੌਕੇ ਬੋਲਦਿਆਂ ਨਾਬਾਰਡ ਕਪੂਰਥਲਾ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਜਸਮਿੰਦਰ ਸਿੰਘ ਬਿੰਦਰਾ ਨੇ ਇਸ ਅਭਿਆਨ ਦੇ ਉਦੇਸ਼ਾਂ ਤੇ ਉੱਦਮ ਵਿਕਾਸ ਵਿੱਚ ਪੇਂਡੂ ਨੌਜਵਾਨਾਂ ਲਈ ਉਪਲਬਧ ਮੌਕਿਆਂ ਤੇ ਚਾਨਣਾ ਪਾਇਆ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸੇ ਉੱਦਮ ਦੀ ਸਫਲ ਸਥਾਪਨਾ ਲਈ ਸਿਰਫ਼ ਸਕੀਮਾਂ ਦੀ ਜਾਣਕਾਰੀ ਹੋਣਾ ਹੀ ਕਾਫ਼ੀ ਨਹੀਂ ਹੈ। ਇਸ ਦੇ ਲਈ ਉੱਦਮਤਾ ਤੇ ਹੁਨਰ ਸਿਖਲਾਈ, ਸੰਸਥਾਗਤ ਕਰਜ਼ਾ, ਤਕਨੀਕੀ ਤੇ ਵਪਾਰਕ ਮਾਰਗਦਰਸ਼ਨ, ਯੋਗ ਸਬਸਿਡੀ ਪ੍ਰਾਪਤ ਕਰਨ ਲਈ ਸਰਕਾਰੀ ਵਿਭਾਗਾਂ ਦੇ ਸਹਿਯੋਗ ਤੇ ਹੋਰ ਸਹਾਇਤਾ ਦੇ ਪ੍ਰਭਾਵਸ਼ਾਲੀ ਤਾਲਮੇਲ ਦੀ ਲੋੜ ਹੁੰਦੀ ਹੈ। ਭਾਗੀਦਾਰਾਂ ਨੂੰ ਵਿਵਹਾਰਕ ਵਪਾਰਕ ਵਿਚਾਰਾਂ ਦੀ ਪਛਾਣ ਕਰਨ ਤੇ ਆਪਣੀ ਉੱਦਮੀ ਯਾਤਰਾ ਦੇ ਵੱਖ-ਵੱਖ ਪੜਾਵਾਂ ਵਿੱਚ ਉਪਲਬਧ ਸੰਸਥਾਗਤ ਸਹਾਇਤਾ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਗਿਆ। ਕੰਵਲਜੀਤ ਸਿੰਘ ਐੱਲਡੀਐੱਮ ਨੇ ਚਾਹਵਾਨ ਉੱਦਮੀਆਂ ਲਈ ਸੰਸਥਾਗਤ ਕਰਜ਼ੇ ਤੇ ਵਿੱਤੀ ਸੰਪਰਕ (ਲਿੰਕੇਜ) ਦੀ ਉਪਲਬਧਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਵਿਵਹਾਰਕ ਵਪਾਰਕ ਪ੍ਰਸਤਾਵਾਂ ਨੂੰ ਵਿੱਤੀ ਸਹਾਇਤਾ ਦੇਣ ਵਿੱਚ ਬੈਂਕਾਂ ਦੀ ਭੂਮਿਕਾ ਤੇ ਚਾਨਣਾ ਪਾਇਆ ਤੇ ਭਾਗੀਦਾਰਾਂ ਨੂੰ ਢੁਕਵੀਆਂ ਪ੍ਰੋਜੈਕਟ ਯੋਜਨਾਵਾਂ ਤੇ ਲੋੜੀਂਦੇ ਦਸਤਾਵੇਜ਼ਾਂ ਨਾਲ ਬੈਂਕਿੰਗ ਪ੍ਰਣਾਲੀ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਆਰਸੇਟੀ ਦੀ ਡਾਇਰੈਕਟਰ ਸੋਨੀਆ ਮੱਕੜ ਨੇ ਭਾਗੀਦਾਰਾਂ ਨੂੰ ਆਰਸੇਟੀ ਵੱਲੋਂ ਚਲਾਏ ਜਾਣ ਵਾਲੇ ਆਗਾਮੀ ਮੁਫ਼ਤ ਉੱਦਮਤਾ ਵਿਕਾਸ ਤੇ ਹੁਨਰ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਕਿਸ ਤਰ੍ਹਾਂ ਭਵਿੱਖ ਦੇ ਉੱਦਮੀਆਂ ਨੂੰ ਆਪਣੇ ਵਪਾਰਕ ਹੁਨਰ ਨੂੰ ਮਜ਼ਬੂਤ ਕਰਨ ਅਤੇ ਆਪਣੇ ਉੱਦਮਾਂ ਦੀ ਸਥਾਪਨਾ ਤੇ ਪ੍ਰਬੰਧਨ ਦੀ ਤਿਆਰੀ ਕਰਨ ਵਿੱਚ ਮਦਦ ਕਰ ਸਕਦੇ ਹਨ। ਜ਼ਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀਆਂ ਨੇ ਸੂਖਮ ਤੇ ਲਘੂ ਉੱਦਮ ਸਥਾਪਤ ਕਰਨ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤੇ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉੱਦਮ ਰਸਮੀਕਰਨ ਯੋਜਨਾ ਤਹਿਤ ਉਪਲਬਧ ਸਹਾਇਤਾ ਬਾਰੇ ਵਿਸਥਾਰ ਨਾਲ ਦੱਸਿਆ ਤੇ ਵਿਭਾਗ ਵੱਲੋਂ ਸੁਖਾਲੀਆਂ ਬਣਾਈਆਂ ਜਾਣ ਵਾਲੀਆਂ ਸਕੀਮਾਂ ਤੇ ਸਹਾਇਤਾ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ। ਅਭਿਆਨ ਤਹਿਤ, ਭਾਗੀਦਾਰਾਂ ਨੂੰ ਤਿੰਨ ਡਿਜੀਟਲ ਫਾਰਮ ਜਨਸੰਖਿਆ ਵੇਰਵੇ ਤੇ ਰਜਿਸਟ੍ਰੇਸ਼ਨ ਫਾਰਮ, ਉੱਦਮ ਤਿਆਰੀ ਮੁਲਾਂਕਣ ਫਾਰਮ ਤੇ ਫੀਡਬੈਕ ਫਾਰਮ ਭਰਨ ਬਾਰੇ ਮਾਰਗਦਰਸ਼ਨ ਦਿੱਤਾ ਗਿਆ। ਇਸ ਦੌਰਾਨ ਇੱਕ ਓਪਨ ਹਾਊਸ ਸੰਵਾਦ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਭਾਗੀਦਾਰਾਂ ਨੇ ਕਾਰੋਬਾਰ ਦੀ ਚੋਣ, ਸਿਖਲਾਈ ਦੇ ਮੌਕਿਆਂ, ਕਰਜ਼ਾ ਸਹੂਲਤਾਂ, ਮਾਰਗਦਰਸ਼ਨ ਤੇ ਸਰਕਾਰੀ ਸਕੀਮਾਂ ਸਬੰਧੀ ਵਿਸ਼ਾ ਮਾਹਿਰਾਂ ਤੋਂ ਆਪਣੇ ਸ਼ੰਕਿਆਂ ਦਾ ਹੱਲ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ।