- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਹੇੜੂ ਪੁਲ ਤੇ ਰੌਂਗ ਸਾਈਡ ਜਾਂਦੇ ਆਟੋ ਰਿਕਸ਼ਾ ਨੇ ਮਾਰੀ ਸਾਹਮਣੇ ਆਉਂਦੇ ਮੋਟਰਸਾਈਕਲ ਨੂੰ ਟੱਕਰ, ਇੱਕ ਲੜਕੀ ਸਣੇ ਦੋ ਗੰਭੀਰ ਜ਼ਖਮੀ

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ : ਨੈਸ਼ਨਲ ਹਾਈਵੇ ਚਹੇੜੂ ਪੁਲ ’ਤੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਰੌਂਗ ਸਾਈਡ ਜਾਂਦੇ ਇੱਕ ਆਟੋ ਰਿਕਸ਼ਾ ਨੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਦੌਰਾਨ ਜਿੱਥੇ ਆਟੋ ਵਿੱਚ ਬੈਠੀ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਉੱਥੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀਆਂ ਲੱਤਾਂ ਟੁੱਟ ਗਈਆਂ। ਮੌਕੇ ’ਤੇ ਪੁੱਜੀ ਐੱਸਐੱਸ ਫੋਰਸ ਦੀ ਟੀਮ ਵੱਲੋਂ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖਮੀ ਦੋਹਾਂ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਜਾਣਕਾਰੀ ਦਿੰਦੇ ਹੋਏ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਫਗਵਾੜਾ ਤੋਂ ਜਲੰਧਰ ਜਾਂਦੇ ਸਮੇਂ ਇੱਕ ਆਟੋ ਰਿਕਸ਼ਾ ਚਾਲਕ ਗ਼ਲਤ ਪਾਸੇ ਆਟੋ ਚਲਾ ਰਿਹਾ ਸੀ, ਜਿਸ ਦੌਰਾਨ ਉਸਨੇ ਅੱਗਿਓਂ ਆਉਂਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਨਾਮ ਦੱਸਣ ਦੀ ਹਾਲਤ ਵਿੱਚ ਨਹੀਂ ਸੀ, ਜਦ ਕਿ ਮੋਟਰਸਾਈਕਲ ਦਾ ਨੰਬਰ ਪੀਬੀ 07 ਬੀਡੀ 1264 ਪਾਇਆ ਗਿਆ ਤੇ ਆਟੋ ਰਿਕਸ਼ਾ ਚਾਲਕ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹੇੜੂ, ਥਾਣਾ ਸਤਨਾਮਪੁਰਾ ਦੇ ਰੂਪ ਵਜੋਂ ਹੋਈ ਹੈ, ਜਿਸ ਦੇ ਆਟੋ ਰਿਕਸ਼ਾ ਨੂੰ ਥਾਣਾ ਸਦਰ ਦੇ ਹਵਾਲੇ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਹਾਈਵੇ ਪੁਲਿਸ ਅਧਿਕਾਰੀ ਤੋਂ ਇੰਨੀ ਹੀ ਜਾਣਕਾਰੀ ਪ੍ਰਾਪਤ ਹੋ ਸਕੀ ਸੀ ਤੇ ਦੂਸਰੇ ਪਾਸੇ ਜ਼ਖ਼ਮੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਸੀ।