ਢਾਈ ਕਿੱਲੇ ਜ਼ਮੀਨ ਲਈ ਹੈਂਡੀਕੈਪ ਬਜ਼ੁਰਗ ਕਿਸਾਨ ਨੂੰ ਡਰਾਇਆ ਜਾ ਰਿਹੈ ਢਾਈ ਕਿੱਲੇ ਜ਼ਮੀਨ ਲਈ ਹੈਂਡੀਕੈਪ ਬਜ਼ੁਰਗ ਕਿਸਾਨ ਨੂੰ ਡਰਾਉਣ ਦੀ ਕੋਸ਼ਿਸ਼ ?
Publish Date: Thu, 15 Oct 2026 09:40 PM (IST)
Updated Date: Thu, 15 Oct 2026 09:42 PM (IST)
ਪ੍ਰੈੱਸ ਕਾਨਫਰੰਸ ਕਰਕੇ ਤਰਲੋਚਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲਗਾਈ ਇਨਸਾਫ਼ ਦੀ ਗੁਹਾਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਪਣੀ ਹੀ ਜ਼ਮੀਨ ’ਤੇ ਜਾਣ ਤੋਂ ਡਰ, ਰਾਤ ਨੂੰ ਘਰ ਦਾ ਗੇਟ ਖੜਕਣ ’ਤੇ ਦਹਿਸ਼ਤ ਤੇ ਪੁਲਿਸ ਕੋਲ ਸ਼ਿਕਾਇਤ ਦੇਣ ਦੇ ਬਾਵਜੂਦ ਮੁੜ ਧਮਕੀਆਂ ਮਿਲਣ ਦੇ ਦੋਸ਼! ਇਹ ਕੋਈ ਫ਼ਿਲਮੀ ਕਹਾਣੀ ਨਹੀਂ, ਸਗੋਂ ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਦੇ ਇੱਕ ਹੈਂਡੀਕੈਪ ਬਜ਼ੁਰਗ ਕਿਸਾਨ ਤਰਲੋਚਨ ਸਿੰਘ ਵੱਲੋਂ ਆਪਣੀ ਹੱਡਬੀਤੀ ਦੱਸਦਿਆਂ ਬਿਆਨ ਕੀਤਾ ਗਿਆ ਦਰਦ ਹੈ। ਕਰੀਬ ਢਾਈ ਕਿੱਲੇ ਜ਼ਮੀਨ ਦੇ ਮਾਲਕ ਕਿਸਾਨ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਧਮਕੀਆਂ ਦੇ ਕੇ ਜ਼ਮੀਨ ਛੱਡਣ ਲਈ ਦਬਾਅ ਪਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਤੇ ਸੁਰੱਖਿਆ ਦੀ ਮੰਗ ਕੀਤੀ। ਤਰਲੋਚਨ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਸਵਾਲ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਹ ਹੈਂਡੀਕੈਪ ਹਨ ਤੇ ਘਰ ਵਿੱਚ ਇਕੱਲੇ ਰਹਿੰਦੇ ਹਨ। ਉਨ੍ਹਾਂ ਦੇ ਅੱਗੇ-ਪਿੱਛੇ ਕੋਈ ਵੀ ਨਹੀਂ ਹੈ। ਉਨ੍ਹਾਂ ਦੇ ਮੁਤਾਬਕ, ਉਨ੍ਹਾਂ ਕੋਲ ਕਰੀਬ ਢਾਈ ਕਿੱਲੇ ਜ਼ਮੀਨ ਹੈ, ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਉਨ੍ਹਾਂ ਨੂੰ ਆਪਣੀ ਹੀ ਜ਼ਮੀਨ ਤੇ ਖੇਤਾਂ ਵਿੱਚ ਜਾਣ ਸਮੇਂ ਵੀ ਡਰ ਮਹਿਸੂਸ ਹੁੰਦਾ ਹੈ। ਕਿਸਾਨ ਨੇ ਦੋਸ਼ ਲਗਾਇਆ ਕਿ ਪਿੰਡ ਦਾ ਹੀ ਇੱਕ ਨੌਜਵਾਨ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਡਰਾ-ਧਮਕਾ ਰਿਹਾ ਹੈ ਤੇ ਜ਼ਮੀਨ ਛੱਡਣ ਲਈ ਦਬਾਅ ਪਾ ਰਿਹਾ ਹੈ। ਤਰਲੋਚਨ ਸਿੰਘ ਅਨੁਸਾਰ, ਕਰੀਬ ਦੋ ਸਾਲ ਪਹਿਲਾਂ ਕੁਝ ਮੂੰਹ ਢਕੇ ਹਥਿਆਰਬੰਦ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ ਤੇ ਪੈਸੇ ਲੈ ਕੇ ਜ਼ਮੀਨ ਛੱਡਣ ਲਈ ਕਿਹਾ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬਾਅਦ ਵਿੱਚ ਲਿੰਕ ਸੜਕ ’ਤੇ ਰੋਕ ਕੇ ਹਥਿਆਰ ਦਿਖਾਏ ਗਏ ਤੇ ਆਪਣੇ-ਆਪ ਨੂੰ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸ ਕੇ ਧਮਕਾਇਆ ਗਿਆ ਤੇ ਫਿਰ ਦੁਬਾਰਾ ਤੋਂ ਮੈਨੂੰ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੇ 8 ਅਗਸਤ 2026 ਨੂੰ ਸੁਲਤਾਨਪੁਰ ਲੋਧੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੇ ਕਹਿਣ ਅਨੁਸਾਰ, ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਕਥਿਤ ਦੋਸ਼ੀ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੁੜ ਧਮਕੀਆਂ ਮਿਲਣ ਦਾ ਡਰ ਬਣਿਆ ਹੋਇਆ ਹੈ। ਤਰਲੋਚਨ ਸਿੰਘ ਨੇ ਸਵਾਲ ਉਠਾਇਆ ਕਿ ਜੇਕਰ ਉਹ ਪਹਿਲਾਂ ਹੀ ਪੁਲਿਸ ਕੋਲ ਆਪਣੀ ਫ਼ਰਿਆਦ ਲੈ ਕੇ ਪਹੁੰਚ ਚੁੱਕੇ ਹਨ, ਤਾਂ ਫਿਰ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਕਿਉਂ ਨਹੀਂ ਮਿਲ ਰਿਹਾ? ਉਨ੍ਹਾਂ ਦੀ ਮੰਗ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਕੀਤੀ ਜਾਵੇ ਤੇ ਜੇਕਰ ਕੋਈ ਵਿਅਕਤੀ ਉਨ੍ਹਾਂ ਨੂੰ ਧਮਕਾ ਰਿਹਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਕਾਨੂੰਨ ਅਨੁਸਾਰ ਕੀਤੀ ਜਾਵੇਗੀ ਕਾਰਵਾਈ : ਐੱਸਐੱਚਓ ਇਸ ਮਾਮਲੇ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਦਵਿੰਦਰ ਪਾਲ ਨੇ ਕਿਹਾ ਕਿ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀ ਕਾਰਵਾਈ ਤਹਿਤ ਪਹਿਲਾਂ ਹੀ ਧਾਰਾ 7/51 ਅਧੀਨ ਕਾਰਵਾਈ ਕਰ ਚੁੱਕੀ ਹੈ।