ਰਾਮਗੜ੍ਹੀਆ ਕਾਲਜ ਨੇ ਸ਼ਾਨਾਮੱਤੀ 80 ਸਾਲ ਕੀਤੇ ਪੂਰੇ ਸਰਦਾਰ ਮੋਹਣ ਸਿੰਘ ਹਦੀਆਬਾਦੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਮਗੜ੍ਹੀਆ ਕਾਲਜ ਵਿਚ ਸਮਾਗਮ,ਕਾਲਜ ਨੇ ਸਥਾਪਨਾ ਦੇ 80 ਸਾਲ ਪੂਰੇ ਕੀਤੇ।
Publish Date: Thu, 22 Oct 2026 07:11 PM (IST)
Updated Date: Thu, 22 Oct 2026 07:12 PM (IST)
ਸਰਦਾਰ ਮੋਹਨ ਸਿੰਘ ਹਦੀਆਬਾਦੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਸਮਾਗਮ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਇਥੋਂ ਦੀ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਅਧੀਨ ਚੱਲ ਰਹੇ ਅਦਾਰਿਆਂ ਦੇ ਫਾਉਂਡਰ ਪ੍ਰੈਜ਼ੀਡੈਂਟ ਤੇ ਮਹਾਨ ਦਾਨੀ ਸਰਦਾਰ ਮੋਹਨ ਸਿੰਘ ਹਦੀਆਬਾਦੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਮਗੜ੍ਹੀਆ ਕਾਲਜ ਵਿਚ ਇਕ ਵੱਡੇ ਸਮਾਗਮ ਦਾ ਅਯੋਜਨ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਰਾਮਗੜ੍ਹੀਆ ਕਾਲਜ ਦੀ ਸਥਾਪਨਾ ਫਗਵਾੜਾ ਵਿਚ ਅਜ਼ਾਦੀ ਤੋਂ ਪਹਿਲਾਂ 1946 ਨੂੰ ਹੋਈ ਸੀ। ਇਸ ਕਾਲਜ ਦੇ 80 ਸਾਲ ਪੂਰੇ ਹੋਣ ਤੇ ਫਾਊਂਡਰ ਪ੍ਰੈਜ਼ੀਡੈਂਟ ਸਰਦਾਰ ਮੋਹਨ ਸਿੰਘ ਹਦੀਆਬਾਦੀ ਦੀ ਯਾਦ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਕਾਲਜ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਸ਼ਬਦ ਕੀਰਤਨ ਕੀਤਾ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬ ਦੇ ਉੱਘੇ ਪੱਤਰਕਾਰ ਆਈਪੀ ਸਿੰਘ ਨੇ ਇਸ ਇਲਾਕੇ ਵਿਚ ਰਾਮਗੜ੍ਹੀਆ ਅਦਾਰਿਆਂ ਵੱਲੋਂ ਸਿੱਖਿਆ ਦੇ ਖ਼ੇਤਰ ਵਿਚ ਪਾਏ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸਰਦਾਰ ਮੋਹਨ ਸਿੰਘ ਹਦੀਆਬਾਦੀ ਦੀ ਇਨ੍ਹਾਂ ਅਦਾਰਿਆਂ ਪ੍ਰਤੀ ਸਮਰਪਣ ਦੀ ਭਾਵਨਾ ਦਾ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ। ਇਸ ਦੌਰਾਨ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ਼ ਕਾਲਜ ਵਿਚ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਸਮਾਗਮ ਦੌਰਾਨ ਸਰਦਾਰਨੀ ਪ੍ਰਿਤਪਾਲ ਕੌਰ ਭੋਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਨੇ ਕਾਲਜ ਵਿਚ ਲਾਇਬ੍ਰੇਰੀ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕੀਤਾ। ਇਸ ਲਾਇਬ੍ਰੇਰੀ ਦਾ ਨਾਮ ਵੀ ਸਰਦਾਰ ਮੋਹਨ ਸਿੰਘ ਮੈਮੋਰੀਅਲ ਲਾਇਬ੍ਰੇਰੀ ਰੱਖਿਆ ਗਿਆ ਹੈ। ਇਸ ਉਪਰੰਤ ਆਏ ਹੋਏ ਮਹਿਮਾਨਾ ਨੇ ਸਰਦਾਰ ਮੋਹਨ ਸਿੰਘ ਹਦੀਆਬਾਦੀ ਦੇ ਬੁੱਤ ਉੱਤੇ ਹਾਰ ਪਾ ਕੇ ਸ਼ਰਧਾ ਫੁੱਲ ਅਰਪਤ ਕੀਤੇ। ਇਸ ਮੌਕੇ ਰਾਮਗੜ੍ਹੀਆ ਵਿੱਦਿਅਕ ਕੌਂਸਲ ਦੇ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਨੇ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਨਵੀਂ ਲਾਇਬ੍ਰੇਰੀ ਲਈ ਤੇ ਕਾਲਜ ਦੇ 80 ਸਾਲ ਪੂਰੇ ਹੋਣ ’ਤੇ ਮੁਬਾਰਬਾਦ ਦਿੱਤੀ। ਇਸ ਮੌਕੇ ਡਾ. ਵਿਯੋਮਾ ਭੋਗਲ ਢੱਟ (ਡਾਇਰੈਕਟਰ ਰਾਮਗੜ੍ਹੀਆ ਅਦਾਰੇ), ਰਵਨੀਤ ਭੋਗਲ ਕਾਲੜਾ (ਸਹਿ-ਡਾਇਰੈਕਟਰ), ਗੁਰਵਿੰਦਰ ਸਿੰਘ ਬਾਹੜਾ (ਮੈਨੇਜਮੈਂਟ ਕਮੇਟੀ ਮੈਂਬਰ), ਗਗਨਦੀਪ ਸਿੰਘ ਢੱਟ, ਗਗਨਦੀਪ ਸਿੰਘ ਕਾਲਰਾ, ਪ੍ਰੇਮ ਪਾਲ ਪੱਬੀ, ਮੁਕੇਸ਼ ਕਾਂਤ (ਚੀਫ਼ ਅਕਾਊਂਟੈਂਟ), ਐਡਵੋਕੇਟ ਚਿਤਰੰਜਨ ਗੌਤਮ, ਬੰਸਲ, ਮਲਕੀਤ ਸਿੰਘ ਰਘਬੋਤਰਾ, ਸਾਬਕਾ ਮੇਅਰ, ਵਿਪਨ ਕੁਮਾਰ, ਡਾ. ਮਨਜੀਤ ਸਿੰਘ, ਸਾਬਕਾ ਪ੍ਰਿੰਸੀਪਲ, ਸਮੂਹ ਰਾਮਗੜ੍ਹੀਆ ਅਦਾਰਿਆਂ ਦੇ ਪ੍ਰਿੰਸੀਪਲ ਸਾਹਿਬਾਨ, ਆਰਈਸੀ ਸਟਾਫ਼ ਤੇ ਸਮੂਹ ਅਦਾਰਿਆਂ ਦਾ ਸਟਾਫ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਕਾਲਜ ਦੇ ਅਡਮਨਿਸਟ੍ਰੇਟਰ ਡਾ. ਸੁਰਿੰਦਰਜੀਤ ਕੌਰ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।