ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ : ਤਵਿੰਦਰ ਰਾਮ ਪਾਰਟੀ ਪ੍ਰਤੀ ਨਾਰਾਜ਼ਗੀ ਦੀਆਂ ਚਰਚਾਵਾਂ ਵਿਚਾਲੇ ਤਵਿੰਦਰ ਰਾਮ ਨੇ ਕਿਹਾ—ਮੈਂ ਪਾਰਟੀ ਦਾ ਸੱਚਾ ਸਿਪਾਹੀ, ਹਮੇਸ਼ਾ ਨਾਲ ਰਹਾਂਗਾ
Publish Date: Sun, 23 Aug 2026 07:32 PM (IST)
Updated Date: Sun, 23 Aug 2026 07:33 PM (IST)
ਪਾਰਟੀ ਨਾਲ ਨਾਰਾਜ਼ਗੀ ਦੀ ਚੱਲ ਰਹੀ ਚਰਚਾ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਕਰੀਬ ਤਿੰਨ ਸਾਲ ਜ਼ਿੰਮੇਵਾਰੀ ਨਿਭਾਉਣ ਵਾਲੇ ਤਵਿੰਦਰ ਰਾਮ ਨਾਲ ਮੌਜੂਦਾ ਸਿਆਸੀ ਹਾਲਾਤ ਤੇ ਉਨ੍ਹਾਂ ਦੀਆਂ ਪਾਰਟੀ ਅੰਦਰਲੀਆਂ ਜ਼ਿੰਮੇਵਾਰੀਆਂ ਸਬੰਧੀ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਹਿਲਾਂ ਸੰਗਠਨ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਤੇ ਹੁਣ ਮਾਰਕੀਟ ਕਮੇਟੀ ਦੀ ਚੇਅਰਮੈਨੀ ਤੋਂ ਵੀ ਹਟਾਏ ਜਾਣ ਨੂੰ ਕੀ ਪਾਰਟੀ ਪ੍ਰਤੀ ਕਿਸੇ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ? ਇਸ ਸਬੰਧੀ ਤਵਿੰਦਰ ਰਾਮ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਪਾਰਟੀ ਨੇ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ, ਉਸ ਨੂੰ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਸ ਨੇ ਉਨ੍ਹਾਂ ਨੂੰ ਲਗਾਤਾਰ ਤਿੰਨ ਸਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ। ਤਵਿੰਦਰ ਰਾਮ ਨੇ ਕਿਹਾ ਕਿ ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ ਪਰ ਪਾਰਟੀ ਨਾਲ ਉਨ੍ਹਾਂ ਦਾ ਰਿਸ਼ਤਾ ਅਹੁਦੇ ’ਤੇ ਨਿਰਭਰ ਨਹੀਂ ਹੈ। ਉਹ ਹਮੇਸ਼ਾ ਪਾਰਟੀ ਨਾਲ ਜੁੜੇ ਰਹੇ ਹਨ ਤੇ ਅੱਗੇ ਵੀ ਪੂਰੀ ਨਿਸ਼ਠਾ ਨਾਲ ਪਾਰਟੀ ਨਾਲ ਜੁੜੇ ਰਹਿਣਗੇ। ਉਨ੍ਹਾਂ ਦੇ ਇਸ ਬਿਆਨ ਨਾਲ ਉਨ੍ਹਾਂ ਬਾਰੇ ਚੱਲ ਰਹੀਆਂ ਨਾਰਾਜ਼ਗੀ ਦੀਆਂ ਚਰਚਾਵਾਂ ’ਤੇ ਵੀ ਕਾਫੀ ਹੱਦ ਤੱਕ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ। ਤਵਿੰਦਰ ਰਾਮ ਵੱਲੋਂ ਪਾਰਟੀ ਪ੍ਰਤੀ ਭਰੋਸਾ ਤੇ ਵਫ਼ਾਦਾਰੀ ਪ੍ਰਗਟ ਕਰਨਾ ਸਥਾਨਕ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।