ਫਗਵਾੜਾ ਕਾਰਨੀਵਾਲ ’ਚ ਲੋਕਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਵਿਖੇ ਲੱਗਣ ਜਾ ਰਹੇ ਕਾਰਨੀਵਾਲ ਦੀਆਂ ਤਿਆਰੀਆਂ ਵਿਚਕਾਰ ਲੋਕਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ‘ਚ
Publish Date: Sat, 28 Nov 2026 08:09 PM (IST)
Updated Date: Sat, 28 Nov 2026 08:10 PM (IST)
ਅਸ਼ੀਸ਼ ਸ਼ਰਮਾ ਪੰਜਾਬੀ ਜਾਗਰਣ, ਫਗਵਾੜਾ : ਹੁਸ਼ਿਆਰਪੁਰ ਰੋਡ ’ਤੇ ਕੇਜੀ ਰਿਜ਼ੋਰਟ ਨੇੜੇ ਅਗਲੇ ਕੁਝ ਦਿਨਾਂ ‘ਚ ਲੱਗਣ ਜਾ ਰਹੇ ਕਾਰਨੀਵਾਲ ਦੀਆਂ ਤਿਆਰੀਆਂ ਤੇਜ਼ ਹੋਣ ਦੇ ਨਾਲ ਹੀ ਇਸ ਦੇ ਸੁਰੱਖਿਆ ਪ੍ਰਬੰਧਾਂ ਤੇ ਲੋੜੀਂਦੀਆਂ ਸਰਕਾਰੀ ਮਨਜ਼ੂਰੀਆਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਕਾਰਨੀਵਾਲ ਵਿੱਚ ਵੱਡੇ ਝੂਲੇ, ਬਿਜਲੀ ਨਾਲ ਚੱਲਣ ਵਾਲੇ ਮਨੋਰੰਜਨ ਉਪਕਰਨ ਤੇ ਲੋਕਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਪ੍ਰਬੰਧਕਾਂ ਵੱਲੋਂ ਸਾਰੇ ਲੋੜੀਂਦੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ ਹੈ ਤੇ ਸਬੰਧਤ ਵਿਭਾਗਾਂ ਤੋਂ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ? ਕਾਰਨੀਵਾਲ ਵਰਗੇ ਸਮਾਗਮਾਂ ਵਿੱਚ ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੁੰਦੀ ਹੈ। ਅਜਿਹੇ ਵਿੱਚ ਸਵਾਲ ਇਹ ਹੈ ਕਿ ਕੀ ਕਾਰਨੀਵਾਲ ਪ੍ਰਬੰਧਕਾਂ ਵੱਲੋਂ ਫਾਇਰ ਵਿਭਾਗ ਤੋਂ ਐੱਨਓਸੀ ਪ੍ਰਾਪਤ ਕੀਤੀ ਗਈ ਹੈ? ਕੀ ਅੱਗ ਤੋਂ ਬਚਾਅ ਲਈ ਲੋੜੀਂਦੇ ਉਪਕਰਨ, ਐਮਰਜੈਂਸੀ ਨਿਕਾਸੀ ਦੇ ਰਸਤੇ ਤੇ ਹੋਰ ਸੁਰੱਖਿਆ ਪ੍ਰਬੰਧ ਮੌਕੇ ’ਤੇ ਉਪਲਬਧ ਹਨ? ਇਸੇ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੇ ਝੂਲਿਆਂ ਤੇ ਹੋਰ ਉਪਕਰਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਬਿਜਲੀ ਵਿਭਾਗ ਵੱਲੋਂ ਕੋਈ ਜਾਂਚ ਕੀਤੀ ਗਈ ਹੈ ਤੇ ਕੀ ਬਿਜਲੀ ਦੀ ਸਪਲਾਈ ਤੇ ਇੰਸਟਾਲੇਸ਼ਨ ਸੁਰੱਖਿਆ ਮਾਪਦੰਡਾਂ ਅਨੁਸਾਰ ਹੈ? ਕਾਰਨੀਵਾਲ ਵਿੱਚ ਲੱਗਣ ਵਾਲੇ ਵੱਡੇ ਝੂਲੇ ਲੋਕਾਂ, ਖਾਸ ਕਰਕੇ ਬੱਚਿਆਂ ਤੇ ਪਰਿਵਾਰਾਂ ਲਈ ਖਿੱਚ ਦਾ ਕੇਂਦਰ ਬਣਦੇ ਹਨ ਪਰ ਇਨ੍ਹਾਂ ਝੂਲਿਆਂ ਦੀ ਤਕਨੀਕੀ ਫਿਟਨੈੱਸ, ਮਜ਼ਬੂਤੀ, ਸੰਤੁਲਨ, ਲੋਡ ਸਮਰੱਥਾ ਤੇ ਸੰਚਾਲਨ ਸਬੰਧੀ ਸੁਰੱਖਿਆ ਜਾਂਚ ਕਿਸ ਵਿਭਾਗ ਜਾਂ ਤਕਨੀਕੀ ਮਾਹਿਰ ਵੱਲੋਂ ਕੀਤੀ ਗਈ ਹੈ? ਕੀ ਪ੍ਰਬੰਧਕਾਂ ਕੋਲ ਇਨ੍ਹਾਂ ਝੂਲਿਆਂ ਦੇ ਸੁਰੱਖਿਅਤ ਸੰਚਾਲਨ ਸਬੰਧੀ ਲੋੜੀਂਦੇ ਸਰਟੀਫਿਕੇਟ ਜਾਂ ਜਾਂਚ ਰਿਪੋਰਟਾਂ ਮੌਜੂਦ ਹਨ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਕਾਰਨੀਵਾਲ ਸ਼ੁਰੂ ਹੋਣ ਤੋਂ ਪਹਿਲਾਂ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਾਰਨੀਵਾਲ ਵਾਲੀ ਜਗਾ ’ਤੇ ਪਾਰਕਿੰਗ, ਭੀੜ ਨੂੰ ਕੰਟਰੋਲ ਕਰਨ, ਐਂਬੂਲੈਂਸ ਜਾਂ ਐਮਰਜੈਂਸੀ ਸਹਾਇਤਾ ਦੀ ਉਪਲਬਧਤਾ ਅਤੇ ਕਿਸੇ ਅਣਸੁਖਾਵੀਂ ਘਟਨਾ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਦੀ ਜਾਂਚ ਵੀ ਅਹਿਮ ਹੈ ਕਿਉਂਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਮੇਲਿਆਂ ਦੌਰਾਨ ਅਨੇਕਾਂ ਅਣਸੁਖਾਵੀਂਆਂ ਘਟਨਾਵਾਂ ਪਿਛਲੇ ਸਮੇਂ ਦੌਰਾਨ ਵਾਪਰਦੀਆਂ ਰਹੀਆਂ ਹਨ। ਵੱਡਾ ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਦਾ ਨਿਰੀਖਣ ਕੀਤਾ ਗਿਆ ਹੈ ਜਾਂ ਕਾਰਨੀਵਾਲ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧਾਂ ਦੀ ਜਾਂਚ ਕੀਤੀ ਜਾਣੀ ਬਾਕੀ ਹੈ? ਜੇਕਰ ਲੋੜੀਂਦੀਆਂ ਮਨਜ਼ੂਰੀਆਂ, ਸੁਰੱਖਿਆ ਜਾਂਚਾਂ ਤੇ ਪ੍ਰਸ਼ਾਸਨਿਕ ਨਿਰੀਖਣ ਤੋਂ ਬਿਨਾਂ ਕਾਰਨੀਵਾਲ ਲੱਗਦਾ ਹੈ ਤੇ ਇਸ ਦੌਰਾਨ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਕੀ ਪ੍ਰਸ਼ਾਸਨ ਵੱਲੋਂ ਕਾਰਨੀਵਾਲ ਸ਼ੁਰੂ ਹੋਣ ਤੋਂ ਪਹਿਲਾਂ ਮਾਪਦੰਡਾਂ ਦੀ ਘੋਖ ਪੜਤਾਲ ਕੀਤੀ ਜਾਵੇਗੀ? ਕਿਉਕਿ ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਮਨੋਰੰਜਨ ਦੇ ਅਜਿਹੇ ਪ੍ਰੋਗਰਾਮਾਂ ਨੂੰ ਲਗਾਉਣ ਤੋਂ ਪਹਿਲਾਂ ਸਾਰੇ ਸੁਰੱਖਿਆ ਪ੍ਰਬੰਧਾਂ ਤੇ ਲੋੜੀਂਦੀਆਂ ਮਨਜ਼ੂਰੀਆਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਵਿਭਾਗ ਕਾਰਨੀਵਾਲ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ।