- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਡੀਪੀਓ ਖ਼ਿਲਾਫ਼ ਅੰਬੇਡਕਰ ਆਰਮੀ ਨੇ ਖੋਲ੍ਹਿਆ ਮੋਰਚਾ, ਫੂਕਿਆ ਪੁਤਲਾ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਡਾ. ਬੀਆਰ ਅੰਬੇਡਕਰ ਆਰਮੀ ਵੱਲੋਂ ਬੀਡੀਪੀਓ ਸੁਲਤਾਨਪੁਰ ਲੋਧੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦਫਤਰ ਦੇ ਬਾਹਰ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਬੀਡੀਪੀਓ ’ਤੇ ਵਾਲਮੀਕਿ ਸਮਾਜ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਜੱਬੋਵਾਲ ਨਾਲ ਕਥਿਤ ਤੌਰ ’ਤੇ ਜਾਤੀ ਵਿਤਕਰਾ ਕਰਨ ਤੇ ਭਰੀ ਪੰਚਾਇਤ ਵਿੱਚ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਗੰਭੀਰ ਦੋਸ਼ ਲਗਾਏ। ਪ੍ਰੈੱਸ ਨੋਟ ਜਾਰੀ ਕਰਦਿਆਂ ਡਾ. ਬੀਆਰ ਅੰਬੇਡਕਰ ਆਰਮੀ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਪਰਮਜੀਤ ਸਿੰਘ ਜੱਬੋਵਾਲ, ਯੂਥ ਪ੍ਰਧਾਨ ਸੁੱਖਾ ਪੰਮਣ ਤੇ ਚੀਫ਼ ਐਡਵਾਈਜ਼ਰ ਲਕਸ਼ਮੀਕਾਂਤ ਸੋਨੂੰ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਕਲਵੰਤ ਸਿੰਘ ਢੰਡੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਦੌਰਾਨ ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਇੱਕ ਸਮਾਜਿਕ ਮਸਲੇ ਨੂੰ ਲੈ ਕੇ ਸੀਨੀਅਰ ਆਗੂ ਪਰਮਜੀਤ ਸਿੰਘ ਜੱਬੋਵਾਲ ਪੰਚਾਇਤ ਤੇ ਹੋਰ ਮੋਹਤਬਰ ਵਿਅਕਤੀਆਂ ਸਮੇਤ ਬੀਡੀਪੀਓ ਦੇ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਬੀਡੀਪੀਓ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ ਤੇ ਸਾਰਿਆਂ ਦੇ ਸਾਹਮਣੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਇਨਸਾਫ਼ ਦੀ ਕੁਰਸੀ ’ਤੇ ਬੈਠ ਕੇ ਕਿਸੇ ਸਮਾਜਿਕ ਆਗੂ ਦਾ ਅਪਮਾਨ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਬੀਡੀਪੀਓ ਵੱਲੋਂ ਵਾਲਮੀਕਿ ਸਮਾਜ ਦੇ ਆਗੂਆਂ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਮਾਮਲੇ ਨੂੰ ਸੁਲਝਾਉਣ ਲਈ ਕੋਈ ਪਹਿਲ ਕੀਤੀ ਗਈ। ਇਸ ਕਾਰਨ ਸਮਾਜ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਅੱਜ ਜਥੇਬੰਦੀ ਵੱਲੋਂ ਬੀਡੀਪੀਓ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਤੇ ਯੂਥ ਪ੍ਰਧਾਨ ਸੁੱਖਾ ਪੱਮਣ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਬੀਡੀਪੀਓ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਉਨ੍ਹਾਂ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਜੱਬੋਵਾਲ ਨਾਲ ਹੋਏ ਕਥਿਤ ਮਾੜੇ ਵਿਵਹਾਰ ਸਬੰਧੀ ਬਣਦੀ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਵੱਖ-ਵੱਖ ਚੌਕ ਬੰਦ ਕਰਕੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਲਕਸ਼ਮੀਕਾਂਤ ਸੋਨੂੰ, ਰਾਹੁਲ ਨਾਹਰ, ਅਮਰਜੀਤ ਬਾਗੋ, ਪਵਨ ਮੀਏਵਾਲ, ਨਿੰਦਰ ਜੱਬੋ ਸੁਧਾਰ, ਦੇਵਾ ਸਿੰਘ ਸਰਪੰਚ, ਅਕਸ਼ੇ ਨਾਹਰ, ਕਨਾਲ ਸਹੋਤਾ ਲਾਲਾ, ਸੁਖਵਿੰਦਰ ਰੱਤਾ, ਸੋਨੂ ਪਮਣ ਸਰਪੰਚ, ਮੰਤਰੀ ਆਹਲੀ, ਮੋਨੂ ਭਾਗੋ ਰਾਈਆਂ, ਪਿੰਕਾ ਬੂਸੋਵਾਲ, ਚਰਨਜੀਤ ਸਲੈਚਾ, ਰਾਜੂ ਐਮ.ਸੀ., ਪੰਕਜ ਚੋਪੜਾ, ਲੱਖਾ ਸਾਰੰਗਵਾਲ, ਵਰਿੰਦਰ ਜੱਬੋਵਾਲ, ਹਰਮਨ ਮਿਰਜਾਪੁਰ, ਗੋਬਿੰਦ ਮਿਰਜਾਪੁਰ, ਹਰਸ਼ਦੀਪ ਬਿੱਲਾ, ਅਜੇ ਚਲੱਧਾ, ਗੀਤਾ ਸੁੱਖਾ ਜੱਬੋਵਾਲ, ਆਕਾਸ਼ ਜੱਬੋਵਾਲ, ਜਰਨੈਲ ਭਾਗੋ ਰਾਈਆਂ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
ਕੀ ਕਹਿੰਦੇ ਹਨ ਬੀਡੀਪੀਓ -
ਇਸ ਸਬੰਧੀ ਜਦੋਂ ਬੀਡੀਪੀਓ ਗੁਰਮੀਤ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਉੱਪਰ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇੱਕ ਜ਼ਿੰਮੇਵਾਰ ਅਧਿਕਾਰੀ ਹਨ ਤੇ ਉਨ੍ਹਾਂ ਵੱਲੋਂ ਕਿਸੇ ਵੀ ਵਿਅਕਤੀ ਦੀ ਸ਼ਾਨ ਦੇ ਖ਼ਿਲਾਫ਼ ਕੋਈ ਅਪਮਾਨਜਨਕ ਸ਼ਬਦਾਵਲੀ ਨਹੀਂ ਵਰਤੀ ਗਈ। ਉਨ੍ਹਾਂ ਅਨੁਸਾਰ ਇਹ ਦੋ ਧਿਰਾਂ ਵਿਚਕਾਰ ਆਪਸੀ ਝਗੜੇ ਦਾ ਮਾਮਲਾ ਹੈ ਤੇ ਪ੍ਰਦਰਸ਼ਨ ਕਰਨ ਵਾਲੇ ਲੋਕ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਮਾਇਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸੇ ਕਾਰਨ ਉਨ੍ਹਾਂ ’ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ।