ਰਣਧੀਰ ਕਾਲਜ ਕਪੂਰਥਲਾ ਦੇ 1975–1985 ਬੈਚ ਦੇ ਪੁਰਾਣੇ ਵਿਦਿਆਰਥੀਆਂ ਦੀ ਐਲਮਨਾਈ ਮਿਲਣੀ ਯਾਦਗਾਰੀ ਬਣੀ
ਕਈ ਦਹਾਕਿਆਂ ਬਾਅਦ ਮਿਲੇ ਯਾਰਾਂ ਨੇ ਸਾਂਝੇ ਕੀਤੇ ਸੁੱਖ-ਦੁੱਖ ਹਾਸਿਆਂ ਤੇ ਭਾਵੁਕ ਪਲਾਂ ਨੇ ਕੀਤਾ ਮਾਹੌਲ ਰੰਗੀਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਰਕਾਰੀ ਰਣਧੀਰ ਕਾਲਜ ਕਪੂਰਥਲਾ ਦੇ 1975-1985 ਬੈਚ ਦੇ ਪੁਰਾਣੇ ਵਿਦਿਆਰਥੀਆਂ ਦੀ ਸਾਲਾਨਾ ਐਲਮਨਾਈ ਮਿਲਣੀ ਐਤਵਾਰ ਨੂੰ ਰਤਨ ਰੈਸਟੋਰੈਂਟ, ਕਪੂਰਥਲਾ ਵਿਖੇ ਬੜੇ ਹੀ ਪਿਆਰ, ਸਤਿਕਾਰ ਅਤੇ ਭਾਵੁਕ ਮਾਹੌਲ ਵਿੱਚ ਕਰਵਾਈ ਗਈ। ਸਮਾਗਮ ਦੀ ਮੰਚ ਸੰਚਾਲਨਾ ਪ੍ਰਸਿੱਧ ਸਮਾਜ ਸੇਵੀ ਅਤੇ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਨੇ ਬਾਖੂਬੀ ਨਿਭਾਈ, ਜਦਕਿ ਬਲਵੰਤ ਸਿੰਘ ਔਜਲਾ ਵੱਲੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰ ਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ। ਅਰਦਾਸ ਉਪਰੰਤ ਸਾਰੇ ਸਾਥੀਆਂ ਨੇ ਇੱਕ-ਦੂਜੇ ਨੂੰ ਗਲੇ ਮਿਲ ਕੇ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਸਰਕਾਰੀ ਰਣਧੀਰ ਕਾਲਜ ਕਪੂਰਥਲਾ ਦੇ 1975-1985 ਬੈਚ ਦੇ ਪੁਰਾਣੇ ਵਿਦਿਆਰਥੀਆਂ ਦੀ ਐਲਮਨਾਈ ਮਿਲਣੀ ਰਤਨ ਰੈਸਟੋਰੈਂਟ, ਕਪੂਰਥਲਾ ਵਿਖੇ ਬੜੇ ਹੀ ਪਿਆਰ, ਸਤਿਕਾਰ ਅਤੇ ਭਾਵੁਕ ਮਾਹੌਲ ਵਿੱਚ ਅੱਗੇ ਵਧੀ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਵਿਦੇਸ਼ਾਂ ਤੋਂ ਪਹੁੰਚੇ ਸਾਥੀਆਂ ਨੇ ਕਈ ਸਾਲਾਂ ਬਾਅਦ ਇੱਕ-ਦੂਜੇ ਨੂੰ ਮਿਲ ਕੇ ਜਵਾਨੀ ਦੇ ਸੁਨਹਿਰੇ ਦਿਨਾਂ ਨੂੰ ਮੁੜ ਜੀਅ ਭਰ ਕੇ ਮਹਿਸੂਸ ਕੀਤਾ। ਮਿਲਣੀ ਦੌਰਾਨ ਸਾਰਿਆਂ ਨੇ ਆਪਣੇ ਜੀਵਨ ਦੇ ਤਜਰਬੇ, ਪਰਿਵਾਰਕ ਹਾਲਾਤ, ਖੁਸ਼ੀਆਂ ਅਤੇ ਸੰਘਰਸ਼ਾਂ ਨੂੰ ਇੱਕ-ਦੂਜੇ ਨਾਲ ਸਾਂਝਾ ਕੀਤਾ। ਕਈ ਸਾਥੀਆਂ ਦੀਆਂ ਅੱਖਾਂ ਉਸ ਵੇਲੇ ਨਮ ਹੋ ਗਈਆਂ ਜਦੋਂ ਕਾਲਜ ਦੇ ਉਹ ਦਿਨ ਯਾਦ ਕੀਤੇ ਗਏ, ਜਦੋਂ ਨਾ ਕੋਈ ਦੌਲਤ ਸੀ ਤੇ ਨਾ ਹੀ ਕੋਈ ਵੱਡੀ ਜ਼ਿੰਮੇਵਾਰੀ, ਪਰ ਦੋਸਤੀ, ਆਪਣਾਪਣ ਅਤੇ ਹਾਸੇ-ਠੱਠੇ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਹੁੰਦੇ ਸਨ। ਸਮਾਗਮ ਦੌਰਾਨ ਸਾਰੇ ਦੋਸਤਾਂ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਾਲਜ ਦੇ ਕਲਾਸਰੂਮਾਂ, ਕੰਟੀਨ, ਖੇਡ ਮੈਦਾਨਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਇਕੱਠੇ ਬਿਤਾਏ ਅਣਗਿਣਤ ਪਲਾਂ ਦਾ ਜ਼ਿਕਰ ਕੀਤਾ। ਹਾਸੇ-ਮਜ਼ਾਕ ਦੇ ਨਾਲ-ਨਾਲ ਉਹ ਸਾਥੀ ਵੀ ਯਾਦ ਕੀਤੇ ਗਏ ਜੋ ਅੱਜ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸਮਾਂ ਭਾਵੇਂ ਬਹੁਤ ਅੱਗੇ ਲੰਘ ਗਿਆ ਹੋਵੇ, ਪਰ ਦਿਲਾਂ ਵਿੱਚ ਵੱਸੀਆਂ ਦੋਸਤੀਆਂ ਅੱਜ ਵੀ ਪਹਿਲਾਂ ਵਾਂਗ ਹੀ ਤਾਜ਼ਾ ਹਨ। ਉਨ੍ਹਾਂ ਕਿਹਾ ਕਿ ਐਸੀਆਂ ਮਿਲਣੀਆਂ ਨਾ ਸਿਰਫ਼ ਪੁਰਾਣੀਆਂ ਯਾਦਾਂ ਨੂੰ ਜੀਵੰਤ ਕਰਦੀਆਂ ਹਨ, ਸਗੋਂ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਬਣਾਉਂਦੀਆਂ ਹਨ ਅਤੇ ਜੀਵਨ ਵਿੱਚ ਨਵਾਂ ਉਤਸ਼ਾਹ ਭਰਦੀਆਂ ਹਨ। ਇਸ ਮੌਕੇ ਬਲਦੇਵ ਸਿੰਘ ਬਾਜਵਾ (ਜਰਮਨੀ), ਜਿਨ੍ਹਾਂ ਦੇ ਉਪਰਾਲਿਆਂ ਸਦਕਾ ਇਹ ਮਿਲਣੀ ਸੰਭਵ ਹੋਈ, ਨੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਦਗੀ ਦੀ ਅਸਲ ਦੌਲਤ ਆਪਣੇ ਪੁਰਾਣੇ ਦੋਸਤ ਹਨ। ਉਨ੍ਹਾਂ ਕਿਹਾ ਕਿ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਸਾਰੇ ਦੋਸਤਾਂ ਦਾ ਇਸ ਤਰ੍ਹਾਂ ਇਕੱਠੇ ਹੋਣਾ ਆਪਸੀ ਪਿਆਰ, ਸਾਂਝ ਅਤੇ ਆਪਣੇਪਣ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਪਰੰਪਰਾ ਨੂੰ ਲਗਾਤਾਰ ਜਾਰੀ ਰੱਖਣ ਦਾ ਵਿਸ਼ਵਾਸ ਪ੍ਰਗਟਾਇਆ। ਬਲਦੇਵ ਸਿੰਘ ਬਾਜਵਾ ਜਰਮਨੀ ਨੇ ਸੰਬੋਧਨ ਕਰਦਿਆਂ ਸਾਰਿਆਂ ਦੋਸਤਾਂ ਨੂੰ ਅਪੀਲ ਕੀਤੀ ਤੇ ਆਪਣੇ ਵਿੱਚ ਬੈਠੇ ਸੁਖਵੰਤ ਸਿੰਘ ਪੱਡਾ ਜੋ 2027 ਦੀ ਇਲੈਕਸ਼ਨ ਵਾਸਤੇ ਤਿਆਰੀ ਕਰ ਰਹੇ ਹਨ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਰਲ ਕੇ ਦੂਸਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਥ ਦੇਣਾ ਚਾਹੀਦੀ ਹੈ। ਸਾਰੇ ਦੋਸਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਦੋਸਤਾਂ ਨੇ ਆਖਿਆ ਅਸੀਂ ਸੁਖਵੰਤ ਸਿੰਘ ਪੱਡਾ ਨਾਲ ਤੰਨ ਮੰਨ ਧੰਨ ਦੇ ਨਾਲ ਖੜੇ ਹਾਂ। ਸੁਖਵੰਤ ਸਿੰਘ ਪੱਡਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਸਮਾਗਮ ਦੌਰਾਨ ਸਵਾਦਿਸ਼ਟ ਭੋਜਨ ਦਾ ਆਨੰਦ ਮਾਣਿਆ ਗਿਆ ਅਤੇ ਯਾਦਗਾਰੀ ਤਸਵੀਰਾਂ ਖਿੱਚ ਕੇ ਇਸ ਖ਼ਾਸ ਦਿਨ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਲਿਆ ਗਿਆ। ਵਿਦਾਇਗੀ ਵੇਲੇ ਹਰ ਚਿਹਰੇ ’ਤੇ ਮੁੜ ਮਿਲਣ ਦੀ ਉਮੀਦ ਅਤੇ ਅੱਖਾਂ ਵਿੱਚ ਪੁਰਾਣੇ ਦਿਨਾਂ ਦੀ ਮਿੱਠੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਮਿਲਣੀ ਵਿੱਚ ਹਾਜ਼ਰ ਸਾਰੇ ਸਾਥੀਆਂ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਭਾਵੇਂ ਸਮੇਂ ਨੇ ਉਨ੍ਹਾਂ ਦੇ ਵਾਲਾਂ ਨੂੰ ਚਿੱਟਾ ਕਰ ਦਿੱਤਾ ਹੈ, ਪਰ ਦੋਸਤੀ ਦਾ ਰੰਗ ਅੱਜ ਵੀ ਉਹੀ ਹੈ ਜੋ ਕਾਲਜ ਦੇ ਦਿਨਾਂ ਵਿੱਚ ਸੀ। ਇਹ ਮਿਲਣੀ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਉਮਰ ਭਰ ਦੇ ਰਿਸ਼ਤਿਆਂ, ਯਾਦਾਂ ਅਤੇ ਆਪਣੇਪਣ ਦਾ ਇੱਕ ਸੁੰਦਰ ਜਸ਼ਨ ਬਣ ਕੇ ਸਭ ਦੇ ਦਿਲਾਂ ਵਿੱਚ ਵੱਸ ਗਈ। ਅੰਤ ਵਿੱਚ ਸਮੂਹ ਸਾਥੀਆਂ ਵੱਲੋਂ ਇਸ ਯਾਦਗਾਰੀ ਮਿਲਣੀ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਹਰ ਦੋਸਤ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਬਾਜਵਾ ਜਰਮਨੀ, ਮਲਵਿੰਦਰ ਸਿੰਘ ਮੰਮੂ ਚਾਹਲ, ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ, ਸੁਖਵੰਤ ਸਿੰਘ ਪੱਡਾ ਜਰਮਨੀ, ਅਵਤਾਰ ਸਿੰਘ ਭੋਰ, ਗੁਰਦੀਪ ਸਿੰਘ ਸੰਧੂ, ਅਨਿਲ ਸਇਆਲ, ਬਲਵੰਤ ਸਿੰਘ ਔਜਲਾ ਜਾਤੀਕੇ (ਨਿੱਕੂ), ਮੁਕੇਸ਼ ਡੋਗਰ, ਜਸਪਾਲ ਕਾਲੀਆ, ਭਾਗ ਚੰਦ, ਸੁਰਿੰਦਰ ਸਿੰਘ, ਪਿਆਰਾ ਸਿੰਘ ਥਿੰਦ, ਕੁਲਵਿੰਦਰ ਸਿੰਘ ਚਾਹਲ, ਰੋਸ਼ਨ ਲਾਲ ਡਡਵਿੰਡੀ, ਮੱਖਣ ਲਾਲ ਪਟਵਾਰੀ, ਰਾਮੇਸ਼ ਲਾਲ, ਹਰਵਿੰਦਰ ਸਿੰਘ, ਗਨੀਸ਼ ਗੁਪਤਾ, ਹਰਜਿੰਦਰ ਪਾਲ ਸਿੰਘ, ਬਿੱਕਰ ਸਿੰਘ ਪੱਤੜ, ਸਤਨਾਮ ਸਿੰਘ ਬਾਜਵਾ, ਜਰਨੈਲ ਸਿੰਘ ਬਾਜਵਾ, ਨਿੱਲੂ ਵਾਲੀਆ, ਵਿਨੇ, ਲਖਬੀਰ ਸਿੰਘ ਰਤਨਪਾਲ, ਜਤਿੰਦਰਪਾਲ ਸਿੰਘ, ਸੁਰਿੰਦਰ ਸ਼ਰਮਾ, ਰਾਜੇਸ਼ ਸ਼ਰਮਾ, ਰਮੇਸ਼ ਲਾਲ, ਹਰਜਿੰਦਰ ਸਿੰਘ ਸੈਫਲਾਬਾਦ, ਹਰਦੇਵ ਸਿੰਘ, ਮੋਹਨ ਸਿੰਘ ਬਸਰਾ, ਗੁਰਚਰਨ ਸਿੰਘ ਠੀਕਰੀਵਾਲ, ਰੌਸ਼ਨ ਖੈੜਾ, ਮੋਹਿੰਦਰ ਸਿੰਘ ਡਡਵਿੰਡੀ, ਕੁਲਵੰਤ ਸਿੰਘ ਭੰਡਾਲ, ਸੁਖਵਿੰਦਰ ਸਿੰਘ ਚੀਮਾ, ਮੋਹਨ ਸਿੰਘ ਖੌਸਰੋਪੂਰ, ਲਖਵਿੰਦਰ ਸਿੰਘ ਵਜੋਲਾ, ਤਰੂਣ ਬੇਹਲ ਵਿੱਕੀ, ਰਵੀ ਪ੍ਰਕਾਸ਼ ਸ਼ਰਮਾ ਆਦਿ ਹਾਜ਼ਰ ਸਨ। ਸਮਾਗਮ ਦਾ ਕੀਤਾ ਗਿਆ ਲਾਈਵ ਪ੍ਰਸਾਰਨ ਇਸ ਮੌਕੇ ਦੀਆਂ ਯਾਦਾਂ ਨੂੰ ਸਦਾ ਲਈ ਸਾਂਭਣ ਦੇ ਮਕਸਦ ਨਾਲ ਪੂਰਾ ਸਮਾਗਮ ਮੀਡੀਆ ਪੰਜਾਬ ਵੱਲੋਂ ਲਾਈਵ ਪ੍ਰਸਾਰਿਤ ਕੀਤਾ ਗਿਆ। ਜਿਹੜੇ ਵੀ ਦੋਸਤ, ਯਾਰ-ਮਿੱਤਰ ਜਾਂ ਭਰਾ ਕਿਸੇ ਕਾਰਨ ਇਸ ਮਿਲਣੀ ਵਿੱਚ ਸ਼ਾਮਲ ਨਹੀਂ ਹੋ ਸਕੇ ਜਾਂ ਇਸ ਇਤਿਹਾਸਕ ਪਲ ਨੂੰ ਮੁੜ ਦੇਖਣਾ ਚਾਹੁੰਦੇ ਹਨ, ਉਹ ਗਰੁੱਪ ਵਿੱਚ ਸਾਂਝੇ ਕੀਤੇ ਲਿੰਕ ’ਤੇ ਕਲਿੱਕ ਕਰ ਕੇ ਜਾਂ Media Punjab ਦੇ ਯੂ-ਟਿਊਬ ਚੈਨਲ ਦੇ ਲਾਈਵ ਸੈਕਸ਼ਨ ਵਿੱਚ ਜਾ ਕੇ ਇਸ ਪੂਰੇ ਸਮਾਗਮ ਦੀ ਵੀਡੀਓ ਦੇਖ ਸਕਦੇ ਹਨ। ਇਹ ਵੀਡੀਓ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਸ ਯਾਦਗਾਰੀ ਮਿਲਣੀ ਦੀ ਇੱਕ ਅਮੁੱਲੀ ਯਾਦ ਬਣ ਕੇ ਰਹੇਗੀ।