ਸੈਨਿਕ ਸਕੂਲ ’ਚ ਸਾਬਕਾ ਵਿਦਿਆਰਥੀਆਂ ਦਾ ਸਮਾਗਮ ਕਰਵਾਇਆ ਸੈਨਿਕ ਸਕੂਲ ਵਿੱਚ ਸਾਬਕਾ ਵਿਦਿਆਰਥੀਆਂ ਦਾ ਸਮਾਗਮ
Publish Date: Sat, 28 Nov 2026 09:51 PM (IST)
Updated Date: Sat, 28 Nov 2026 09:52 PM (IST)
-----ਮੈਨੂੰ ਮੁਕਾਮ ਤੱਕ ਪਹੁੰਚਣ ਦਾ ਰਾਹ ਸੈਨਿਕ ਸਕੂਲ ’ਚ ਹੀ ਬਣਿਆ : ਲੈਫ. ਜਨ. ਘੁੰਮਣ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿੱਚ ਅੱਜ ਸਾਬਕਾ ਵਿਦਿਆਰਥੀਆਂ ਦਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲੈਫਟੀਨੈਂਟ ਜਨਰਲ ਇਕਰੂਪ ਸਿੰਘ ਘੁੰਮਣ,ਪੀਵੀਐੱਸਐੱਮ, ਏਵੀਐੱਸਐੱਮ (ਰਿਟਾਇਰਡ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਘੁੰਮਣ ਇਸ ਸਕੂਲ ਦੇ 1970–77 ਬੈਚ ਦੇ ਪਾਸ ਆਊਟ ਹਨ। ਦੱਸਣਯੋਗ ਹੈ ਕਿ ਮੁੱਖ ਮਹਿਮਾਨ ਨੇ ਸਮਾਗਮ ਵਿੱਚ ਮੌਜੂਦ ਸਕੂਲ ਦੇ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਕੂਲ ਦੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਨਿਕ ਸਕੂਲ 1961 ਤੋਂ ਚੱਲ ਰਿਹਾ ਹੈ। ਸਕੂਲ ਦੇ ਸਟਾਫ਼ ਤੇ ਅਫ਼ਸਰਾਂ ਦੀ ਮਦਦ ਨਾਲ ਇਹ ਸਕੂਲ ਦਿਨੋਂ-ਦਿਨ ਸੁੰਦਰ ਤੇ ਬਿਹਤਰ ਹੁੰਦਾ ਜਾ ਰਿਹਾ ਹੈ। ਮੈਂ ਸਮੁੱਚੀ ਓਬੀਏ ਵੱਲੋਂ ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਦਾ ਇਸ ਲਈ ਧੰਨਵਾਦ ਕਰਦਾ ਹਾਂ। ਮੁੱਖ ਮਹਿਮਾਨ ਨੇ ਕਿਹਾ ਕਿ ਸਕੂਲ ਬਹੁਤ ਸੁੰਦਰ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਸਭ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮੈਂ ਇਸ ਸਕੂਲ ਦਾ ਸ਼ੁਕਰਗੁਜ਼ਾਰ ਹਾਂ। ਮੈਂ ਇੱਕ ਸਧਾਰਨ ਪਰਿਵਾਰ ਤੋਂ ਆਉਂਦਾ ਸੀ। ਮੇਰੇ ਮਾਪਿਆਂ ਨੂੰ ਇਸ ਸੈਨਿਕ ਸਕੂਲ ਬਾਰੇ ਜਾਣਕਾਰੀ ਮਿਲੀ ਤੇ ਉਨ੍ਹਾਂ ਨੇ ਇੱਥੋਂ ਬਾਰੇ ਪਤਾ ਕੀਤਾ। ਫਿਰ ਉਨ੍ਹਾਂ ਨੇ ਮੇਰਾ ਦਾਖਲਾ ਇੱਥੇ ਕਰਵਾਇਆ। ਅੱਜ ਮੇਰੇ ਇਸ ਮੁਕਾਮ ਤੱਕ ਪਹੁੰਚਣ ਦਾ ਰਾਹ ਇੱਥੋਂ ਹੀ ਬਣਿਆ। ਇੱਥੋਂ ਦੇ ਸਟਾਫ਼ ਨੇ ਉਸ ਸਮੇਂ ਮੇਰੇ ਨਾਲ ਬਹੁਤ ਮਿਹਰਬਾਨੀ ਦਿਖਾਈ ਸੀ। ਮੁੱਖ ਮਹਿਮਾਨ ਨੇ ਸਭਾ ਵਿੱਚ ਮੌਜੂਦ ਕੈਡਿਟਾਂ ਨੂੰ ਕਿਹਾ ਕਿ ਸਖ਼ਤ ਮਿਹਨਤ ਕਰੋ ਤੇ ਆਪਣੇ ਜੀਵਨ ਵਿੱਚ ਉਪਲਬਧੀਆਂ ਹਾਸਲ ਕਰੋ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਸਕੂਲ ਵਿੱਚ ਸਥਾਪਿਤ ‘ਸੈਕਪ ਸਮ੍ਰਿਤੀ ਸਥਲ’ ਵਿਖੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਸਕੂਲ ਦੇ ਐੱਨਸੀਸੀ ਕੈਡਿਟਾਂ ਨੇ ‘ਗਾਰਡ ਆਫ਼ ਆਨਰ’ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸਕੂਲ ਬੈਂਡ ਵੱਲੋਂ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਸਕੂਲ ਦੇ ਸਭਾ-ਘਰ ਵਿੱਚ ਆਯੋਜਿਤ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੈਨਿਕ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਨੇ ਪਹੁੰਚੇ ਸਾਰੇ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਕੂਲ ਦੀ ਪਿਛਲੀ ਅਕਾਦਮਿਕ ਰਿਪੋਰਟਦਾ ਵਿਸ਼ਲੇਸ਼ਣ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਭ ਨੂੰ ਜਾਣੂ ਕਰਵਾਇਆ। ਗਰੁੱਪ ਕੈਪਟਨ ਮੈਨਨ ਨੇ ਕਿਹਾ ਕਿ ਸਕੂਲ ਦੀਆਂ ਆਰਥਿਕ ਸਮੱਸਿਆਵਾਂ ਨੂੰ ਲੈ ਕੇ ਰੱਖਿਆ ਮੰਤਰਾਲੇ ਤੇ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਸੰਕਟ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਦੌਰਾਨ ਪੈਲੇਸ ਦੀ ਮੁਰੰਮਤ ਦੇ ਸੰਕਟ ਤੇ ਖਸਤਾ ਹਾਲਤ ਵਾਲੇ ਹੋਸਟਲਾਂ ਦੀ ਮੁਰੰਮਤ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੁਝ ਰਕਮ ਦੀ ਸਹਾਇਤਾ ਮਿਲੀ ਹੈ ਤੇ ਬਾਕੀ ਰਕਮ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਸਮਾਗਮ ਵਿੱਚ ਲੈਫਟੀਨੈਂਟ ਜਨਰਲ ਗੁਰਦੀਪ ਸਿੰਘ (ਰਿਟਾਇਰਡ), ਪੁਲਿਸ ਆਈਜੀ ਰਾਜਪਾਲ ਸਿੰਘ ਸੰਧੂ (ਰਿਟਾਇਰਡ), ਬ੍ਰਿਗੇਡੀਅਰ ਗਜਿੰਦਰ ਸਿੰਘ, ਲੈਫਟੀਨੈਂਟ ਜਨਰਲ ਮਨਜੀਤ ਕੁਮਾਰ (ਰਿਟਾਇਰਡ), ਕਰਨਲ ਉੱਤਮ ਸਿੰਘ (ਰਿਟਾਇਰਡ) ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਕਈ ਸ਼ਖ਼ਸੀਅਤਾਂ ਮੌਜੂਦ ਸਨ। ਅੰਤ ਵਿੱਚ ਪੁਲਿਸ ਆਈਜੀ. ਰਾਜਪਾਲ ਸਿੰਘ ਸੰਧੂ, (ਰਿਟਾਇਰਡ), ਜੋ ਓਬੀਏ ਦੇ ਪ੍ਰਧਾਨ ਵੀ ਹਨ, ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਕੂਲ ਬੈਂਡ ਟੀਮ ਕੰਟੀਜੈਂਟ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।