
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਵਲ ਹਸਪਤਾਲ ਫਗਵਾੜਾ ਦੇ ਮੈਡੀਸਿਨ ਵਿਭਾਗ ਅੱਗੇ ਮਰੀਜ਼ਾਂ ’ਚ ਤੂੰ-ਤੂੰ ਮੈਂ-ਮੈਂ

ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਆਏ ਦਿਨ ਹੀ ਆਪਣੀਆਂ ਖਾਮੀਆਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੈਡੀਸਿਨ ਵਿਭਾਗ ਦੇ ਬਾਹਰ ਉਸ ਸਮੇਂ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆਇਆ, ਜਦੋਂ ਇਲਾਜ ਲਈ ਆਏ ਕੁਝ ਮਰੀਜ਼ਾਂ ਤੇ ਹੋਰ ਲੋਕਾਂ ਵਿਚਕਾਰ ਲਾਈਨਾਂ ’ਚ ਲੱਗਣ ਨੂੰ ਲੈ ਕੇ ‘ਤੂੰ-ਤੂੰ, ਮੈਂ-ਮੈਂ’ ਹੋ ਗਈ। ਮੌਕੇ ’ਤੇ ਮੌਜੂਦ ਚਹੇੜੂ ਪਿੰਡ ਤੋਂ ਸਰਬਜੀਤ ਕਲੇਰ ਤੇ ਲੋਕਾਂ ਨੇ ਕਿਹਾ ਕਿ 14 ਨੰਬਰ ਮੈਡੀਸਨ ਵਿਭਾਗ ਦੇ ਬਾਹਰ ਭੀੜ ਤੇ ਪ੍ਰਬੰਧਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕ ਪਹਿਲਾਂ ਹੀ ਆਪਣੀਆਂ ਬਿਮਾਰੀਆਂ ਕਾਰਨ ਪਰੇਸ਼ਾਨ ਹੁੰਦੇ ਹਨ, ਪਰ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਸਹੀ ਪ੍ਰਬੰਧ ਨਾ ਮਿਲਣ ਤਾਂ ਮੁਸ਼ਕਲ ਹੋਰ ਵੱਧ ਜਾਂਦੀ ਹੈ। ਮੈਡੀਸਿਨ ਵਿਭਾਗ ਦੇ ਬਾਹਰ ਹੋਈ ਤਕਰਾਰ ਨੂੰ ਲੈ ਕੇ ਵੀ ਲੋਕਾਂ ਨੇ ਪ੍ਰਬੰਧਕੀ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ।
ਲੋਕਾਂ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਵਿਭਾਗਾਂ ਦੇ ਬਾਹਰ ਕਤਾਰਬੱਧ ਪ੍ਰਬੰਧ, ਭੀੜ ਨੂੰ ਕੰਟਰੋਲ ਕਰਨ ਤੇ ਮਰੀਜ਼ਾਂ ਨੂੰ ਸਹੀ ਜਾਣਕਾਰੀ ਦੇਣ ਲਈ ਹੋਰ ਪ੍ਰਭਾਵਸ਼ਾਲੀ ਪ੍ਰਬੰਧ ਹੋਣੇ ਚਾਹੀਦੇ ਹਨ। ਲੋਕਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਆਮ ਲੋਕ ਇਲਾਜ ਦੀ ਉਮੀਦ ਨਾਲ ਆਉਂਦੇ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ। ਲੋਕਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਿਵਲ ਹਸਪਤਾਲ ਫਗਵਾੜਾ ਵਿੱਚ ਮਰੀਜ਼ਾਂ ਦੀਆਂ ਸਮੱਸਿਆਵਾਂ ਦਾ ਗੰਭੀਰਤਾ ਨਾਲ ਜਾਇਜ਼ਾ ਲੈ ਕੇ ਜਿੱਥੇ ਕਮੀਆਂ ਹਨ, ਉੱਥੇ ਤੁਰੰਤ ਸੁਧਾਰ ਕੀਤੇ ਜਾਣ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਵੱਲੋਂ ਪਹਿਲਾਂ ਵੀ ਕਈ ਵਾਰ ਸਿਵਲ ਹਸਪਤਾਲ ਫਗਵਾੜਾ ਦੇ ਹਲਕੇ ਪ੍ਰਬੰਧਾਂ ਦੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ,ਪਰ ਇੱਥੋਂ ਦੀ ਮੈਨੇਜਮੈਂਟ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ।