ਅਕਾਲੀ ਦਲ ਨੇ ਵੱਖ-ਵੱਖ ਵਾਰਡਾਂ ਦੇ ਇੰਚਾਰਜ ਕੀਤੇ ਨਿਯੁਕਤ ਪੰਜਾਬ ਦਾ ਸਰਬਪੱਖੀ ਵਿਕਾਸ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ ਹੈ : ਐੱਚਐੱਸ ਵਾਲੀਆ
Publish Date: Tue, 15 Sep 2026 08:00 PM (IST)
Updated Date: Tue, 15 Sep 2026 08:02 PM (IST)
--ਪਾਰਟੀਆਂ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਦਿੱਤੇ ਨਿਰਦੇਸ਼ --ਪੰਜਾਬ ਦਾ ਸਰਬਪੱਖੀ ਵਿਕਾਸ ਸਿਰਫ਼ ਅਕਾਲੀ ਸਰਕਾਰ ਦੌਰਾਨ ਹੀ ਹੋਇਆ : ਵਾਲੀਆ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਟੀ ਨੂੰ ਹਲਕੇ ਵਿਚ ਮਜ਼ਬੂਤ ਕਰਨ ਲਈ ਅਕਾਲੀ ਦਲ ਵੱਲੋਂ ਲਗਾਤਾਰ ਮਿਹਨਤੀ ਵਰਕਰਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਨਵਾਜਿਆ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਪਾਰਟੀ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਾਰਡ ਇੰਚਾਰਜ ਨਿਯੁਕਤ ਕਰਦਿਆਂ ਵਾਰਡ ਨੰਬਰ 5 ਤੋਂ ਇੰਦਰਪਾਲ ਸਿੰਘ ਭਾਟੀਆ, ਵਾਰਡ ਨੰਬਰ 3 ਤੋਂ ਪਰਮਿੰਦਰ ਸਿੰਘ, ਵਾਰਡ ਨੰਬਰ 13 ਤੋਂ ਸੁਖਵਿੰਦਰ ਸਿੰਘ, ਵਾਰਡ ਨੰਬਰ 19 ਤੋਂ ਸੰਤੋਖ ਸਿੰਘ, ਵਾਰਡ ਨੰਬਰ 29 ਤੋਂ ਰਮੇਸ਼ ਭਗਤ, ਵਾਰਡ ਨੰਬਰ 32 ਤੋਂ ਸੁਰਿੰਦਰ ਪਾਲ, ਵਾਰਡ ਨੰਬਰ 39 ਤੋਂ ਅਤਰ ਸਿੰਘ, ਵਾਰਡ ਨੰਬਰ 20 ਤੋਂ ਡਾ. ਹਰਮਨਦੀਪ ਸਿੰਘ, ਵਾਰਡ ਨੰਬਰ 30 ਤੋਂ ਸੁਭਾਸ਼ ਸ਼ਰਮਾ, ਵਾਰਡ ਨੰਬਰ 36 ਤੋਂ ਮੈਡਮ ਸ਼ਕਤੀ ਸਲਵਾਨ, ਵਾਰਡ ਨੰਬਰ 49 ਤੋਂ ਜਯੰਤ ਸ਼ਰਮਾ, ਵਾਰਡ ਨੰਬਰ 2 ਤੋਂ ਹਰੀਸ਼ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਵਾਲੀਆ ਨੇ ਵਾਰਡ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਮਿਹਨਤੀ ਤੇ ਸਮਰਪਿਤ ਵਰਕਰਾਂ ਦੀ ਕਦਰ ਕਰਦੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰਦਿਆਂ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਰੱਖਣ। ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹਰ ਵਰਗ ਦੇ ਲੋਕਾਂ ਨੂੰ ਪਾਰਟੀ ’ਚ ਮਾਨ-ਸਨਮਾਨ ਦੇ ਕੇ ਨਿਵਾਜਿਆ ਹੈ, ਖਾਸ ਤੌਰ ’ਤੇ ਉਹ ਆਗੂ ਜਿਹੜੇ ਪਾਰਟੀ ਲਈ ਜ਼ਮੀਨੀ ਪੱਧਰ ਤੋਂ ਲੈ ਕੇ ਲੋਕਾਂ ਤੱਕ ਰਾਬਤਾ ਬਣਾ ਕੇ ਪਾਰਟੀ ਦੀ ਚੜ੍ਹਦੀ ਕਲਾ ਤੇ ਮਜ਼ਬੂਤੀ ਲਈ ਕੰਮ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਸਰਬਪੱਖੀ ਵਿਕਾਸ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਨੌਂ ਸਾਲਾਂ ਤੋਂ ਕਾਂਗਰਸ ਤੇ ਆਪ ਸਰਕਾਰ ਦੌਰਾਨ ਪੰਜਾਬ ਹਰ ਫਰੰਟ ’ਤੇ ਪੱਛੜ ਕੇ ਰਹਿ ਗਿਆ ਹੈ। ਭਗਵੰਤ ਮਾਨ ਸਰਕਾਰ ਸਿਰਫ਼ ਕਾਗਜ਼ਾਂ ਵਿੱਚ ਹੀ ਵਿਕਾਸ ਦੀਆਂ ਲਕੀਰਾਂ ਕੱਢ ਰਹੀ ਹੈ ਜਦੋਂਕਿ ਆਮ ਆਦਮੀ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰੀ ਜਿੱਤ ਨਾਲ ਸੱਤਾ ਵਿਚ ਵਾਪਸ ਆਵੇਗਾ। ਐੱਚਐੱਸ ਵਾਲੀਆ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੰਜਾਬ ਵਿਕਾਸ ਦੀ ਪਟੜੀ ਤੋਂ ਉਤਰ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਝੂਠੇ ਵਾਅਦਿਆਂ ਦੇ ਆਧਾਰ ਤੇ ਸੱਤਾ ਵਿਚ ਆਈ ਆਪ ਸਰਕਾਰ ਨੇ ਸੂਬੇ ਨੂੰ ਦਹਾਕਿਆਂ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਤੇ ਪੂਰਾ ਪੰਜਾਬ ਹੁਣ ਸੁਖਬੀਰ ਸਿੰਘ ਬਾਦਲ ਵਰਗੇ ਦੂਰਦਰਸ਼ੀ ਆਗੂ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਪਿਛਲੀਆਂ ਗਲਤੀਆਂ ’ਤੇ ਪਛਤਾ ਰਹੇ ਹਨ ਤੇ ਹੁਣ ਸੂਬੇ ਦੀ ਵਾਗਡੋਰ ਇੱਕ ਤਜਰਬੇਕਾਰ ਲੀਡਰਸ਼ਿਪ ਨੂੰ ਸੌਂਪਣ ਦਾ ਫੈਸਲਾ ਕਰ ਲਿਆ ਹੈ।