- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡ ਖੇਤਰ ’ਚ ਕਥਿਤ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼! 6 ਟਿੱਪਰਾਂ, ਪੋਕਲਾਈਨ ਮਸ਼ੀਨ ਤੇ ਟਰੈਕਟਰ ਸਮੇਤ ਭਾਰੀ ਮਸ਼ੀਨਰੀ ਕਾਬੂ

6 ਟਿੱਪਰ, ਪੋਕਲਾਈਨ ਮਸ਼ੀਨ ਤੇ ਟਰੈਕਟਰ ਸਮੇਤ ਭਾਰੀ ਮਸ਼ੀਨਰੀ ਕਾਬੂ
ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਥਾਣਾ ਤਲਵੰਡੀ ਚੌਧਰੀਆਂ ’ਚ ਕੇਸ ਦਰਜ
ਸੁਖਪਾਲ ਸਿੰਘ ਹੁੰਦਲ, ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਕਪੂਰਥਲਾ, ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਖਿਜਰਪੁਰ ਨੇੜੇ ਦਰਿਆਈ ਖੇਤਰ ਵਿੱਚ ਬਣੇ ਅਡਵਾਂਸ ਬੰਨ੍ਹ ਕੋਲ ਮਾਈਨਿੰਗ ਵਿਭਾਗ ਦੀ ਫਲਾਇੰਗ ਸਕੁਐਡ ਨੇ ਕਾਰਵਾਈ ਕਰਦਿਆਂ ਰੇਤ ਨਾਲ ਭਰੇ ਦੋ ਟਿੱਪਰਾਂ ਸਮੇਤ ਚਾਰ ਖਾਲੀ ਟਿੱਪਰ, ਇੱਕ ਪੋਕਲਾਈਨ ਮਸ਼ੀਨ ਤੇ ਕਰਾਹੇ ਵਾਲਾ ਟਰੈਕਟਰ ਕਾਬੂ ਕੀਤਾ ਹੈ। ਵਿਭਾਗੀ ਸ਼ਿਕਾਇਤ ਅਨੁਸਾਰ, ਰੇਤ ਨਾਲ ਭਰੇ ਟਿੱਪਰਾਂ ਦੇ ਚਾਲਕ ਰੇਤ ਦੀ ਢੋਆ-ਢੁਆਈ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ, ਜਦਕਿ ਕਈ ਹੋਰ ਵਾਹਨਾਂ ਦੇ ਚਾਲਕ ਮੌਕੇ ਤੋਂ ਫਰਾਰ ਹੋ ਗਏ। ਇਸ ਕਾਰਵਾਈ ਨੇ ਮੰਡ ਖੇਤਰ ਵਿੱਚ ਰੇਤ ਦੀ ਕਥਿਤ ਨਾਜਾਇਜ਼ ਨਿਕਾਸੀ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਦੋਂ ਇੱਕੋ ਖੇਤਰ ਵਿੱਚ ਛੇ ਟਿੱਪਰ, ਭਾਰੀ ਮਸ਼ੀਨਰੀ ਤੇ ਤਾਜ਼ਾ ਪੁੱਟੇ ਹੋਏ ਟੋਏ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਇਹ ਜਾਣਨਾ ਵੀ ਲਾਜ਼ਮੀ ਹੈ ਕਿ ਰੇਤ ਕੱਢਣ ਦੀਆਂ ਇਹ ਗਤੀਵਿਧੀਆਂ ਕਦੋਂ ਤੋਂ ਚੱਲ ਰਹੀਆਂ ਸਨ ਤੇ ਸਬੰਧਤ ਵਿਭਾਗਾਂ ਤੇ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਦੀ ਨਿਗਰਾਨੀ ਕਿੰਨੀ ਪ੍ਰਭਾਵਸ਼ਾਲੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਮਾਈਨਿੰਗ ਵਿਭਾਗ ਵੱਲੋਂ ਗਠਿਤ ਫਲਾਇੰਗ ਸਕੁਐਡ ਵਿੱਚ ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ, ਜਲੰਧਰ ਉਪ ਮੰਡਲ ਹੈੱਡਕੁਆਰਟਰ ਤੇ ਜਿਓਲੋਜੀ ਤੇ ਜਲ ਸਰੋਤ ਵਿਭਾਗ ਨਾਲ ਸਬੰਧਤ ਅਧਿਕਾਰੀ ਸ਼ਾਮਲ ਸਨ। ਟੀਮ ਵਿੱਚ ਐੱਸਡੀਓ ਫਿਲੌਰ ਜਸਵੀਰ ਸਿੰਘ, ਜੇਈ ਅਸ਼ਵਨੀ ਕੁਮਾਰ ਤੇ ਜੇਈ ਤਰਨਜੀਤ ਸਮੇਤ ਡੀਐੱਸਪੀ ਅਮਨਬੀਰ ਸਿੰਘ ਪੁਲਿਸ ਪਾਰਟੀ ਨਾਲ ਖਿਜਰਪੁਰ ਨੇੜੇ ਅਡਵਾਂਸ ਬੰਨ੍ਹ ਕੋਲ ਚੈਕਿੰਗ ਲਈ ਪਹੁੰਚੇ।
ਵਿਭਾਗੀ ਸ਼ਿਕਾਇਤ ਮੁਤਾਬਕ, ਬੰਨ੍ਹ ਦੇ ਦਰਿਆ ਵਾਲੇ ਪਾਸੇ ਅਸ਼ੋਕ ਲੇਲੈਂਡ ਕੰਪਨੀ ਦਾ ਟਿੱਪਰ ਨੰਬਰ ਪੀਬੀ 08 ਈਟੀ 5476 ਮਿਲਿਆ। ਇਸ ਨੂੰ ਚਲਾ ਰਹੇ ਵਿਅਕਤੀ ਨੇ ਆਪਣਾ ਨਾਮ ਮਾਈਕਲ ਪੁੱਤਰ ਸਰੂਪ, ਵਾਸੀ ਮਕਾਨ ਨੰਬਰ 1169, ਲੰਮਾ ਪਿੰਡ, ਜ਼ਿਲ੍ਹਾ ਜਲੰਧਰ ਦੱਸਿਆ। ਟਿੱਪਰ ਵਿੱਚ ਕਰੀਬ 800 ਸਕੇਅਰ ਫੁੱਟ ਰੇਤ ਲੱਦੀ ਹੋਈ ਸੀ। ਜਦੋਂ ਰੇਤ ਦੀ ਢੋਆ-ਢੁਆਈ ਸਬੰਧੀ ਪਰਮਿਟ ਜਾਂ ਮਨਜ਼ੂਰੀ ਮੰਗੀ ਗਈ ਤਾਂ ਉਹ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸੇ ਦੌਰਾਨ ਕੁਝ ਦੂਰੀ ’ਤੇ ਟਾਟਾ ਕੰਪਨੀ ਦਾ ਇੱਕ ਹੋਰ ਟਿੱਪਰ ਮਿਲਿਆ, ਜਿਸ ’ਤੇ ਨੰਬਰ ਪਲੇਟ ਨਹੀਂ ਸੀ। ਇਸ ਵਿੱਚ ਵੀ ਕਰੀਬ 800 ਸਕੇਅਰ ਫੁੱਟ ਰੇਤ ਲੱਦੀ ਹੋਈ ਸੀ। ਸ਼ਿਕਾਇਤ ਅਨੁਸਾਰ, ਪੁਲਿਸ ਪਾਰਟੀ ਨੂੰ ਦੇਖ ਕੇ ਇਸ ਦਾ ਚਾਲਕ ਫਰਾਰ ਹੋ ਗਿਆ। ਹੁਣ ਇਸ ਵਾਹਨ ਦੀ ਮਾਲਕੀ, ਪਛਾਣ ਤੇ ਰੇਤ ਦੇ ਸਰੋਤ ਬਾਰੇ ਜਾਂਚ ਅਹਿਮ ਹੋਵੇਗੀ। ਚੈਕਿੰਗ ਦੌਰਾਨ ਦਰਿਆਈ ਖੇਤਰ ਵਿੱਚ ਕੁਝ ਦੂਰੀ ’ਤੇ ਚਾਰ ਹੋਰ ਟਿੱਪਰ ਖੜ੍ਹੇ ਮਿਲੇ। ਇਨ੍ਹਾਂ ਵਿੱਚ ਟਾਟਾ ਸਿਗਮਾ ਟਿੱਪਰ ਨੰਬਰ ਪੀਬੀ 07 ਸੀਐੱਚ 9700, ਜਿਸ ਦੀ ਬਾਡੀ ’ਤੇ ‘ਗੁਰੂ ਕਿਰਪਾ’ ਲਿਖਿਆ ਸੀ, ਟਾਟਾ ਸਿਗਮਾ ਨੰਬਰ ਪੀਬੀ 09 ਸੀਈ 9898, ਪੀਲੇ ਰੰਗ ਦਾ ਟਾਟਾ ਪ੍ਰਾਈਮਾ 31252 ਨੰਬਰ ਪੀਬੀ 10 ਜੇਡੀ 9534 ਅਤੇ ਅਸ਼ੋਕ ਲੇਲੈਂਡ ਟਿੱਪਰ ਨੰਬਰ ਪੀਬੀ 07 ਸੀਏ 0529 ਸ਼ਾਮਲ ਹਨ।
ਵਿਭਾਗੀ ਸ਼ਿਕਾਇਤ ਅਨੁਸਾਰ, ਇਹ ਚਾਰੇ ਟਿੱਪਰ ਖਾਲੀ ਸਨ ਤੇ ਉਨ੍ਹਾਂ ਦੇ ਚਾਲਕ ਮੌਕੇ ਤੋਂ ਫਰਾਰ ਹੋ ਗਏ ਸਨ। ਵਾਹਨਾਂ ਦੇ ਨੇੜੇ ਜ਼ਮੀਨ ਵਿੱਚ ਪੁੱਟੇ ਹੋਏ ਟੋਏ ਵੀ ਮਿਲੇ, ਜਿਸ ਕਾਰਨ ਉੱਥੋਂ ਰੇਤ ਕੱਢੇ ਜਾਣ ਦਾ ਸ਼ੱਕ ਜਤਾਇਆ ਗਿਆ। ਵਿਭਾਗ ਨੇ ਇਹ ਸੰਭਾਵਨਾ ਵੀ ਪ੍ਰਗਟਾਈ ਕਿ ਟਿੱਪਰ ਰੇਤ ਭਰਨ ਲਈ ਉੱਥੇ ਖੜ੍ਹੇ ਹੋ ਸਕਦੇ ਸਨ। ਹਾਲਾਂਕਿ, ਇਨ੍ਹਾਂ ਵਾਹਨਾਂ ਦੀ ਅਸਲ ਭੂਮਿਕਾ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਮੌਕੇ ਤੋਂ ਸੰਤਰੀ ਰੰਗ ਦੀ ਟਾਟਾ ਹਿਟਾਚੀ ਪੋਕਲਾਈਨ ਮਸ਼ੀਨ ਵੀ ਮਿਲੀ। ਵਿਭਾਗ ਨੂੰ ਸ਼ੱਕ ਹੈ ਕਿ ਇਸ ਮਸ਼ੀਨ ਦੀ ਵਰਤੋਂ ਰੇਤ ਕੱਢਣ ਲਈ ਕੀਤੀ ਜਾ ਰਹੀ ਹੋ ਸਕਦੀ ਸੀ। ਮਸ਼ੀਨ ਦਾ ਚਾਲਕ ਵੀ ਮੌਕੇ ਤੋਂ ਫਰਾਰ ਹੋ ਗਿਆ।
ਇਸ ਤੋਂ ਇਲਾਵਾ ਨੀਲੇ ਰੰਗ ਦਾ ਸੋਨਾਲੀਕਾ ਡੀਆਈ 60 ਆਰਟੀ ਟਰੈਕਟਰ ਵੀ ਕਾਬੂ ਕੀਤਾ ਗਿਆ, ਜਿਸ ਦੇ ਪਿੱਛੇ ਕਰਾਹਾ ਲੱਗਿਆ ਹੋਇਆ ਸੀ। ਵਿਭਾਗੀ ਸ਼ਿਕਾਇਤ ਵਿੱਚ ਇਸ ਦੇ ਚੈਸੀ ਤੇ ਇੰਜਣ ਨੰਬਰ ਦਰਜ ਕੀਤੇ ਜਾਣ ਦੀ ਜਾਣਕਾਰੀ ਹੈ। ਟਰੈਕਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾ ਰਹੀ ਸੀ, ਇਹ ਵੀ ਜਾਂਚ ਦਾ ਵਿਸ਼ਾ ਹੈ।
6 ਟਿੱਪਰ ਤੇ ਭਾਰੀ ਮਸ਼ੀਨਰੀ ਮਿਲੀ, ਫਿਰ ਪੁਲਿਸ ਦੀ ਨਿਗਰਾਨੀ ਕਿੱਥੇ ਸੀ?
ਇਸ ਪੂਰੇ ਮਾਮਲੇ ਦਾ ਸਭ ਤੋਂ ਗੰਭੀਰ ਪੱਖ ਸਿਰਫ਼ ਵਾਹਨਾਂ ਦੀ ਬਰਾਮਦਗੀ ਨਹੀਂ, ਸਗੋਂ ਮੰਡ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕੀਤੀ ਜਾ ਰਹੀ ਨਿਗਰਾਨੀ ਵੀ ਹੈ। ਦਰਿਆਈ ਖੇਤਰ ਵਿੱਚ ਰੇਤ ਨਾਲ ਭਰੇ ਟਿੱਪਰ, ਚਾਰ ਖਾਲੀ ਵਾਹਨ, ਪੋਕਲਾਈਨ ਮਸ਼ੀਨ ਤੇ ਪੁੱਟੇ ਹੋਏ ਟੋਏ ਮਿਲਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਇਹ ਪੁੱਛਣਾ ਸੁਭਾਵਿਕ ਹੈ ਕਿ ਇਲਾਕੇ ਵਿੱਚ ਗਸ਼ਤ ਤੇ ਜਾਂਚ ਦੇ ਪ੍ਰਬੰਧ ਕਿੰਨੇ ਕਾਰਗਰ ਹਨ। ਕੀ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਇਸ ਖੇਤਰ ਵਿੱਚ ਹੋ ਰਹੀਆਂ ਕਥਿਤ ਮਾਈਨਿੰਗ ਗਤੀਵਿਧੀਆਂ ਬਾਰੇ ਪਹਿਲਾਂ ਕੋਈ ਸੂਚਨਾ ਸੀ? ਕੀ ਇਸ ਤੋਂ ਪਹਿਲਾਂ ਕਿਸੇ ਨੇ ਸ਼ਿਕਾਇਤ ਕੀਤੀ ਸੀ? ਕੀ ਸੰਵੇਦਨਸ਼ੀਲ ਦਰਿਆਈ ਖੇਤਰ ਵਿੱਚ ਨਿਯਮਤ ਗਸ਼ਤ ਹੁੰਦੀ ਸੀ? ਜੇਕਰ ਅਜਿਹੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਤਾਂ ਇੰਨੀ ਵੱਡੀ ਗਿਣਤੀ ਵਿੱਚ ਵਾਹਨਾਂ ਤੇ ਮਸ਼ੀਨਰੀ ਦੀ ਮੌਜੂਦਗੀ ਦਾ ਪਤਾ ਪਹਿਲਾਂ ਕਿਉਂ ਨਹੀਂ ਲੱਗ ਸਕਿਆ?
ਮੁਕੱਦਮਾ ਦਰਜ, ਹੁਣ ਅਸਲ ਮਾਲਕਾਂ ਤੇ ਪੂਰੇ ਨੈੱਟਵਰਕ ਤੱਕ ਪਹੁੰਚਣਾ ਹੋਵੇਗੀ ਚੁਣੌਤੀ
ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਥਾਣਾ ਤਲਵੰਡੀ ਚੌਧਰੀਆਂ ਵਿੱਚ 17 ਅਕਤੂਬਰ 2026 ਨੂੰ ਮੁਕੱਦਮਾ ਨੰਬਰ 76 ਦਰਜ ਕੀਤੇ ਜਾਣ ਦੀ ਜਾਣਕਾਰੀ ਹੈ। ਮਾਮਲਾ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀ ਧਾਰਾ 21(1) ਤਹਿਤ ਦਰਜ ਦੱਸਿਆ ਗਿਆ ਹੈ। ਇਸ ਮਾਮਲੇ ਵਿੱਚ ਮਾਈਕਲ ਪੁੱਤਰ ਸਰੂਪ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਸੱਤ ਹੋਰ ਅਣਪਛਾਤੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਣੀ ਹੈ। ਹੁਣ ਪੁਲਿਸ ਦੀ ਜਾਂਚ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਮਾਮਲੇ ਨੂੰ ਸਿਰਫ਼ ਮੌਕੇ ਤੋਂ ਵਾਹਨ ਤੇ ਮਸ਼ੀਨਰੀ ਕਾਬੂ ਕਰਨ ਤੱਕ ਸੀਮਤ ਨਾ ਰੱਖਿਆ ਜਾਵੇ। ਵਾਹਨਾਂ ਦੇ ਅਸਲ ਮਾਲਕਾਂ, ਫਰਾਰ ਚਾਲਕਾਂ, ਰੇਤ ਦੇ ਸਰੋਤ, ਢੋਆ-ਢੁਆਈ ਦੇ ਰਸਤਿਆਂ ਅਤੇ ਸੰਭਾਵੀ ਖਰੀਦਦਾਰਾਂ ਬਾਰੇ ਜਾਂਚ ਕਰਨੀ ਲਾਜ਼ਮੀ ਹੈ। ਨਾਲ ਹੀ ਇਹ ਵੀ ਪਤਾ ਲਗਾਉਣਾ ਜ਼ਰੂਰੀ ਹੈ ਕਿ ਕਥਿਤ ਗਤੀਵਿਧੀਆਂ ਕਿੰਨੇ ਸਮੇਂ ਤੋਂ ਚੱਲ ਰਹੀਆਂ ਸਨ ਅਤੇ ਕੀ ਇਸ ਪਿੱਛੇ ਕੋਈ ਸੰਗਠਿਤ ਨੈੱਟਵਰਕ ਕੰਮ ਕਰ ਰਿਹਾ ਸੀ।