- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਂਡੀਕੈਪ ਗੁਰਸਿੱਖ ਨੌਜਵਾਨ ਨਾਲ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਨ ਦੇ ਦੋਸ਼, ਕੇਸਾਂ ਦੀ ਬੇਅਦਬੀ ਕਰਨ ਦਾ ਵੀ ਇਲਜ਼ਾਮ

ਕੇਸਾਂ ਦੀ ਬੇਅਦਬੀ ਕਰਨ ਦਾ ਵੀ ਲਾਇਆ ਦੋਸ਼
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਦੇ ਮੁਹੱਲਾ ਉਂਕਾਰ ਨਗਰ ਵਿੱਚ ਇੱਕ ਹੈਂਡੀਕੈਪ ਗੁਰਸਿੱਖ ਨੌਜਵਾਨ ਨਾਲ ਉਸ ਦੇ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਜਿੱਥੇ ਪਰਿਵਾਰਕ ਵਿਵਾਦਾਂ ਦੌਰਾਨ ਹਿੰਸਾ ਦੇ ਮਾਮਲਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਇੱਕ ਗੁਰਸਿੱਖ ਨੌਜਵਾਨ ਦੀ ਧਾਰਮਿਕ ਮਰਿਆਦਾ ਅਤੇ ਸਨਮਾਨ ਨੂੰ ਲੈ ਕੇ ਵੀ ਚਿੰਤਾ ਪੈਦਾ ਕੀਤੀ ਹੈ। ਸਿਵਲ ਹਸਪਤਾਲ ਫਗਵਾੜਾ ਵਿੱਚ ਇਲਾਜ ਲਈ ਦਾਖਲ ਪੀੜਤ ਗੁਰਸਿੱਖ ਨੌਜਵਾਨ ਨਵਦੀਪ ਸਿੰਘ ਸੈਣੀ ਪੁੱਤਰ ਬਲਵੀਰ ਸਿੰਘ ਵਾਸੀ ਉਂਕਾਰ ਨਗਰ ਫਗਵਾੜਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਉਸ ਦਾ ਵਿਆਹ 14 ਸਾਲ ਪਹਿਲਾਂ ਪਿੰਡ ਜੰਡਿਆਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਘਰੇਲੂ ਕਲੇਸ਼ ਹੋਣ ਲੱਗ ਪਿਆ। ਨੌਜਵਾਨ ਨੇ ਦੱਸਿਆ ਕਿ ਬਹੁਤ ਵਾਰ ਮੋਹਤਬਰ ਵਿਅਕਤੀਆਂ ਤੇ ਪੰਚਾਇਤ ਵਿੱਚ ਫੈਸਲਾ ਕਰਵਾਇਆ ਜਾਂਦਾ ਰਿਹਾ ਹੈ ਪਰ ਫੈਸਲੇ ਤੋਂ ਕੁਝ ਦਿਨ ਬਾਅਦ ਹੀ ਮੇਰੀ ਪਤਨੀ ਰਾਣੀ ਪੁੱਤਰੀ ਧਰਮਪਾਲ ਵੱਲੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ-ਝਗੜਾ ਕੀਤਾ ਜਾਂਦਾ ਰਿਹਾ ਹੈ ਤੇ ਜਦੋਂ ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੇਰੇ ਤੇ ਮੇਰੀ ਬਜ਼ੁਰਗ ਮਾਤਾ ਸਤਵਿੰਦਰ ਕੌਰ ਨਾਲ ਕੁੱਟਮਾਰ ਕਰਦੀ। ਨਵਦੀਪ ਸਿੰਘ ਤੇ ਉਸਦੀ ਮਾਤਾ ਸਤਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ 25 ਅਕਤੂਬਰ ਸਵੇਰ ਕੋਈ ਗੱਲਬਾਤ ਹੋਈ ਸੀ ਤੇ ਮੇਰੀ ਪਤਨੀ ਨੇ ਆਪਣੇ ਪਿਤਾ ਧਰਮਪਾਲ ਤੇ ਆਪਣੇ ਭਰਾ ਹਰਪਾਲ ਨੂੰ ਬੁਲਾਇਆ ਤੇ ਉਨ੍ਹਾਂ ਨੇ ਆਉਂਦੇ ਹੀ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਮੇਰੀ ਫੋੜੀ ਨਾਲ ਹੀ ਮੇਰੀ ਕੁੱਟਮਾਰ ਕੀਤੀ ਤੇ ਕੇਸਾਂ ਤੇ ਦਾੜ੍ਹੀ ਦੀ ਘੋਰ ਬੇਅਦਬੀ ਕੀਤੀ ਗਈ। ਘਟਨਾ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਮਾਮਲੇ ਵਿੱਚ ਕਾਰਵਾਈ ਕੀਤੇ ਜਾਣ ਦੀ ਉਡੀਕ ਸੀ।
ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਫਗਵਾੜਾ ਵਿਖੇ ਤਾਇਨਾਤ ਸਬ ਇੰਸਪੈਕਟਰ ਜਸਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਕੋਲ ਆਇਆ ਹੈ, ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਜੋ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਉਸਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।