ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਸੂਬਾ ਸਰਕਾਰ ਦੇ ਸਾਰੇ ਦਾਅਵੇ ਖੋਖਲੇ - ਨਵਤੇਜ ਚੀਮਾ

ਕਿਸਾਨ ਮੰਡੀ ’ਚ ਰੁਲਣ ਲਈ ਮਜਬੂਰ, ਲਿਫਟਿੰਗ ਜ਼ੀਰੋ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਭਾਵੇਂ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਵੱਡੇ ਦਾਅਵੇ ਕੀਤੇ ਗਏ ਹਨ ਪਰ 18 ਦਿਨ ਬੀਤ ਜਾਣ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਮੰਡੀਆਂ ਵਿੱਚ ਕਿਸਾਨ ਕਣਕ ਦੀ ਖਰੀਦ ਨੂੰ ਲੈ ਕੇ ਰੁਲ ਰਹੇ ਹਨ ਪਰ ਖਰੀਦ ਦੇ ਸਾਰੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਹੁਣ ਜਾਗੀ ਹੈ। ਪੰਜਾਬ ਸਰਕਾਰ ਹੁਣ ਕੇਂਦਰ ਸਰਕਾਰ ਨੂੰ ਬਾਰਿਸ਼ ਤੇ ਗੜੇਮਾਰੀ ਕਾਰਨ ਖਰਾਬ ਹੋਈ ਫਸਲਾਂ ਦੀ ਖਰੀਦ ਵਿੱਚ ਛੋਟ ਦੇਣ ਦੀ ਮੰਗ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੁੱਖ ਦਾਣਾ ਮੰਡੀ ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਉਪਰੰਤ ਆੜਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਬਾਅਦ ਕਹੇ।
ਚੀਮਾ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਮਾੜੇ ਹਾਲਾਤ ਨੇ ਸੂਬਾ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਬੋਰੀਆਂ ਵਿੱਚ ਪਈ ਰੁਲ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਲਿਫਟਿੰਗ ਸ਼ੁਰੂ ਨਹੀਂ ਹੋਈ। ਉਹਨਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਸਿਰਫ ਫਸਲ ਦੀ ਸੰਭਾਲ ਨਹੀਂ ਹੋ ਰਹੀ ਸਗੋਂ ਕਿਸਾਨਾਂ ਨੂੰ ਅਦਾਇਗੀ ਵੀ ਨਹੀਂ ਮਿਲ ਰਹੀ ਜਿਸ ਨਾਲ ਉਹਨਾਂ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਪਏ ਭਾਰੀ ਬੇਮੌਸਮੀ ਮੀਂਹ ਤੇ ਗੜਿਆਂ ਨਾਲ ਕਈ ਕਿਸਾਨਾਂ ਦੀ ਫਸਲ ਨੁਕਸਾਨੀ ਗਈ ਹੈ ਪਰ ਹਾਲੇ ਤੱਕ ਨਾ ਕੋਈ ਗਰਦਾਵਰੀ ਹੋਈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚਿਆ। ਚੀਮਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਿਸਾਨਾਂ ਨਾਲ ਇਹ ਸਿੱਧੀ ਨਾਇਨਸਾਫੀ ਹੈ ਅਤੇ ਜੇਕਰ ਤੁਰੰਤ ਮੰਡੀਆਂ ਵਿੱਚ ਪਈ ਫਸਲ ਦੀ ਲਿਫਟਿੰਗ ਅਤੇ ਕਿਸਾਨਾਂ ਨੂੰ ਭੁਗਤਾਨ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਪੂਰੇ ਪੰਜ ਸਾਲ ਕਿਸਾਨਾਂ ਦੀ ਝੋਨੇ ਅਤੇ ਕਣਕ ਦੀ ਫਸਲ ਦੀ ਖਰੀਦ ਸਮੇਂ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਸੀ। ਕਿਉਂਕਿ ਸੀਜ਼ਨ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਕੇਂਦਰ ਸਰਕਾਰ ਕੋਲੋਂ ਕਿਸਾਨਾਂ ਲਈ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਵਾ ਦਿੰਦੀ ਸੀ ਪਰ ਇਹ ਸਰਕਾਰ ਹਰ ਪਾਸੇ ਫੇਲ ਸਾਬਤ ਹੋਈ ਹੈ। ਇਹ ਸਰਕਾਰ ਕਿਸਾਨਾਂ ਲਈ ਤਾਂ ਬਹੁਤ ਮਾੜੀ ਸਿੱਧ ਹੋਈ ਹੈ ਜਿਸ ਨੇ ਹਾਲੇ ਤੱਕ ਕਿਸਾਨਾਂ ਨੂੰ ਝੋਨੇ ਦੀ ਖਰਾਬ ਫਸਲ ਦਾ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ।
ਨਵਤੇਜ ਚੀਮਾ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਕਣਕ ਦੀ ਫਸਲ ਦੀ ਖਰੀਦ ਦੇ ਹਾਲੇ ਵੀ ਸੁਚਾਰੂ ਪ੍ਰਬੰਧ ਨਾ ਕੀਤੇ ਤਾਂ ਮਜਬੂਰ ਹੋ ਕੇ ਕਾਂਗਰਸ ਪਾਰਟੀ ਕਿਸਾਨਾਂ ਨਾਲ ਮਿਲ ਕੇ ਜ਼ਬਰਦਸਤ ਸੰਘਰਸ਼ ਛੇੜਨ ਲਈ ਮਜਬੂਰ ਹੋਵੇਗੀ। ਇਸ ਮੌਕੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਭਗਤਪੁਰ ਗੁਰਿੰਦਰਪਾਲ ਸਿੰਘ ਗੋਗਾ ਬਲਾਕ ਪ੍ਰਧਾਨ, ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ, ਹਰਜਿੰਦਰ ਸਿੰਘ ਜਿੰਦਾ ਸਾਬਕਾ ਵਾਈਸ ਪ੍ਰਧਾਨ, ਕਿਸਾਨ ਆਗੂ ਅਮਰ ਸਿੰਘ ਮੰਡ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਰਮੇਸ਼ ਡਡਵਿੰਡੀ, ਸਾਹਿਬ ਸਿੰਘ ਭੁੱਲਰ ਪ੍ਰਧਾਨ ਨੰਬਰਦਾਰ ਯੂਨੀਅਨ, ਮੋਨੂੰ ਭੰਡਾਰੀ, ਡਾਕਟਰ ਨਰਿੰਦਰ ਸਿੰਘ ਗਿੱਲਾ ਸਾਬਕਾ ਸਰਪੰਚ , ਦਲਬੀਰ ਸਿੰਘ ਚੀਮਾ, ਪ੍ਰੀਤਮ ਸਿੰਘ ਆਹਲੀ, ਬਲਵੰਤ ਸਿੰਘ ਬੂਲੇ, ਜਗਪਾਲ ਸਿੰਘ ਚੀਮਾ, ਸੁਖਚੈਨ ਸਿੰਘ ਉਗਰੂਪੁਰ ਆਦਿ ਵੀ ਹਾਜ਼ਰ ਸਨ।