ਗੈਰ-ਵਿਦਿਅਕ ਕੰਮਾਂ, ਖੇਡਾਂ, ਮਿਡ ਡੇ ਮੀਲ ਦਾ ਬਾਈਕਾਟ ਕਰਨਗੀਆਂ ਅਧਿਆਪਕ ਜਥੇਬੰਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਗੈਰ ਵਿਿਦਅਕ ਕੰਮਾਂ, ਖੇਡਾਂ, ਮਿਡ ਡੇ ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ
Publish Date: Thu, 08 Oct 2026 08:21 PM (IST)
Updated Date: Thu, 08 Oct 2026 08:23 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿਛਲੇ ਦਿਨਾਂ ਤੋਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਦੇ ਅਧਿਆਪਕਾਂ ਨੇ ਗੈਰ-ਵਿਦਿਅਕ ਕੰਮ, ਬਿਨਾਂ ਖੇਡ ਫੰਡ ਜਾਰੀ ਕਰਨ ਤੋਂ ਖੇਡਾਂ, ਪੰਜ ਮਹੀਨੇ ਦੇ ਮਿਡ ਡੇ ਮੀਲ ਦੇ ਖਰਚ ਦੇ ਬਕਾਏ ਜਾਰੀ ਕਰਨ ਤੋਂ ਬਿਨਾਂ ਮਿਡ ਡੇ ਮੀਲ, ਸਫਾਈ ਸੇਵਕ ਭਰਤੀ ਕਰਨ ਤੋਂ ਬਿਨਾਂ ਸਕੂਲਾਂ ਦੀ ਸਫਾਈ ਆਦਿ ਦਾ ਬਾਈਕਾਟ ਦੀ ਕਾਲ ਦੀ ਸਮੀਖਿਆ ਕਰਨ ਲਈ ਅੱਜ ਸਮੂਹ ਅਧਿਆਪਕ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਕੀਤੀ ਗਈ, ਜਿਸ ਵਿੱਚ ਗਣੇਸ਼ ਭਗਤ, ਸਤਨਾਮ ਸਿੰਘ, ਸਤਵੰਤ ਸਿੰਘ ਟੂਰਾ, ਦਲਜੀਤ ਸਿੰਘ ਸੈਣੀ, ਸਤਨਾਮ ਸਿੰਘ ਗਿੱਲ, ਪੰਕਜ ਸ਼ਰਮਾ, ਰਵਿੰਦਰ ਸਿੰਘ, ਤੀਰਥ ਸਿੰਘ, ਜਸਵੀਰ ਸਿੰਘ ਭੰਗੂ, ਪਰਮਿੰਦਰ ਸਿੰਘ, ਜਸਬੀਰ ਸਿੰਘ ਸੈਣੀ, ਪਰਮਜੀਤ ਸਿੰਘ ਚੌਹਾਨ, ਸੁਰਿੰਦਰ ਰਾਮ, ਜਸਪਾਲ ਸਿੰਘ ਬੋਹਾਨੀ, ਨਵਤੇਜ ਸਿੰਘ, ਸੁਨੀਤਾ ਰਾਣੀ, ਕਮਲਦੀਪ ਕੌਰ ਸੈਣੀ, ਨੇਹਾ ਸੇਠੀ, ਸ਼ਵੇਤਾ ਧੁੱਪੜ, ਕੁਲਵੀਰ ਕੌਰ, ਕਮਲ ਕੁਮਾਰ, ਜਸਵਿੰਦਰ ਸਿੰਘ, ਮਨਜਿੰਦਰ ਕੌਰ, ਕੁਲਦੀਪ ਕੌਰ, ਪਵਨ ਕੁਮਾਰ ਅੱਤਰੀ ਤੇ ਹੋਰ ਕਈ ਅਧਿਆਪਕ ਆਗੂ ਸ਼ਾਮਲ ਸਨ। ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਉਪਰੋਕਤ ਕੰਮਾਂ ਦੇ ਫੰਡ ਜਾਰੀ ਨਾ ਕਰਨ ਤੇ ਬਾਈਕਾਟ ਕਰਨ ਦਾ ਨੋਟਿਸ ਦਿੱਤਾ ਗਿਆ ਸੀ, ਉਨ੍ਹਾਂ ਦੱਸਿਆ ਕਿ ਹੁਣ ਤੱਕ ਵੀ ਫੰਡ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਪਰੋਕਤ ਕੰਮਾਂ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੈਗਾ ਪੀਟੀਐੱਮ ਨੂੰ ਸਿਆਸੀ ਪ੍ਰਚਾਰ ਦਾ ਅਖਾੜਾ ਨਾ ਬਣਾਉਣ ਦੀ ਬਜਾਏ ਇਸ ਦੌਰਾਨ ਮਾਪਿਆਂ ਨਾਲ ਪੰਜਾਬ ਦੀ ਸਿੱਖਿਆ ਨੀਤੀ ਨਾ ਬਣਾਉਣ, ਖਾਲੀ ਪੋਸਟਾਂ ਨਾ ਭਰਨ, ਗੈਰ ਵਿਦਿਅਕ ਕੰਮ ਲੈਣ, ਮਿਡ ਡੇ ਮੀਲ, ਖੇਡਾਂ ਤੇ ਸਫਾਈ ਲਈ ਫੰਡ ਜਾਰੀ ਨਾ ਕਰਨ ਜਿਹੇ ਮਸਲੇ ਸਾਂਝੇ ਕੀਤੇ ਜਾਣਗੇ। ਬਿਨਾਂ ਖੇਡ ਫੰਡ ਜਾਰੀ ਕਰਨ ਤੋਂ ਪ੍ਰਾਇਮਰੀ ਖੇਡਾਂ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਤਨ ਪੰਜਾਬ ਦੀਆਂ ਖੇਡਾਂ ਉੱਤੇ 1,700 ਕਰੋੜ ਰੁਪਏ ਖਰਚ ਕੀਤਾ ਹੈ। ਪ੍ਰਾਇਮਰੀ ਪੱਧਰ ’ਤੇ ਸਰਕਾਰੀ ਵਿਭਾਗ ਵੱਲੋਂ ਕੋਈ ਖੇਡ ਫੰਡ ਜਾਰੀ ਨਹੀਂ ਕੀਤਾ ਗਿਆ ਜਦ ਕਿ ਬਲਾਕ ਪੱਧਰ ਤੇ ਇੱਕ ਲੱਖ ਰੁਪਏ ਤੇ ਜ਼ਿਲ੍ਹਾ ਪੱਧਰ ਤੇ 2 ਲੱਖ ਰੁਪਏ ਖਰਚ ਕੇ ਪੰਜਾਬ ਦੇ ਬੱਚਿਆਂ ਦੀਆਂ ਖੇਡਾਂ 2.74 ਕਰੋੜ ਨਾਲ ਕਰਵਾਈਆਂ ਜਾ ਸਕਦੀਆਂ ਹਨ। ਮਿਡ ਡੇ ਮੀਲ ਚਾਲੂ ਰੱਖਦਿਆਂ ਅਧਿਆਪਕਾਂ ਵੱਲੋਂ ਪੰਜ ਮਹੀਨਿਆਂ ਵਿੱਚ ਕਰੋੜਾਂ ਰੁਪਏ ਆਪਣੀਆਂ ਜੇਬਾਂ ਵਿੱਚੋਂ ਖਰਚ ਕੀਤੇ ਹੋਏ ਹਨ। ਇਹ ਬਕਾਇਆ ਫੰਡ ਜਾਰੀ ਕੀਤੇ ਬਿਨਾਂ ਮਿਡ ਡੇ ਮੀਲ ਨਹੀਂ ਚਲਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਦਾ ਵਫਦ 14 ਅਕਤੂਬਰ ਨੂੰ ਪੰਜ ਮਹੀਨਿਆਂ ਦੇ ਬਕਾਇਆ ਮਿਡ ਡੇ ਮੀਲ ਦੇ ਫੰਡਾਂ ਸਬੰਧੀ, ਖੇਡ ਫੰਡ ਸਬੰਧੀ, ਪਦਉਨਤੀਆਂ ਸਬੰਧੀ, ਸਟੇਸ਼ਨਾਂ ਸਬੰਧੀ ਤੇ ਸੀਨੀਅਰ ਅਧਿਆਪਕਾਂ ਦੇ ਰਹਿ ਗਏ ਕੇਸਾਂ ਸਬੰਧੀ ਉੱਚ ਸਿੱਖਿਆ ਅਧਿਕਾਰੀਆਂ ਨੂੰ ਮਿਲੇਗਾ। ਆਗੂਆਂ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋ ਰਹੀ ਮੁਲਾਜ਼ਮਾਂ, ਪੈਨਸ਼ਨਰਾਂ ਦੀ ਸਾਂਝੀ ਰੈਲੀ ਵਿੱਚ ਅਧਿਆਪਕ ਵਰਗ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।