ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੇ ਇਕਜੁੱਟ ਹੋਣ : ਜਥੇ. ਖੁਸਰੋਪੁਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਮੰਚ ਉੱਤੇ ਇਕੱਤਰ ਹੋਣਾ ਚਾਹੀਦਾ ਹੈ : ਜੱਥੇਦਾਰ: ਨਰਿੰਦਰ ਖੁਸਰੋਪੁਰ
Publish Date: Thu, 10 Sep 2026 10:14 PM (IST)
Updated Date: Thu, 10 Sep 2026 10:16 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਮੰਚ ਉੱਤੇ ਇਕੱਤਰ ਹੋਣਾ ਚਾਹੀਦਾ ਹੈ ਤੇ ਇਕੱਲੇ-ਇਕੱਲੇ ਲੜਨ ਦੀ ਥਾਂ ਸਾਨੂੰ ਸਾਂਝੇ ਤੌਰ ਉੱਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਪੂਰਥਲਾ ਦੇ ਸੇਵਾਦਾਰ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਅੱਜ ਕਹੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ ਤੇ ਸਾਨੂੰ ਸਿੱਖਾਂ ਨੂੰ ਇਨ੍ਹਾਂ ਅਖੌਤੀ ਇਨਕਲਾਬੀਆਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਹਰ ਸਰਕਾਰ ਨੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਨੂੰ ਖ਼ਤਮ ਕਰਨ ਲਈ ਕਦੇ ਵੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਵਾਰਸ ਪੰਜਾਬ ਦੇ ਕਨਵੀਨਰ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਥਾਂ ਮਾਨ ਸਰਕਾਰ ਵੱਲੋਂ ਵਾਰ-ਵਾਰ ਐੱਨਐੱਸਏ ਲਗਾ ਕੇ ਉਨ੍ਹਾਂ ਨੂੰ ਬਿਨਾਂ ਕਸੂਰ ਤੋਂ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਪੈਦਾ ਹੋਈ ਧੜੇਬੰਦੀ ਨੇ ਸਿੱਖ ਧਰਮ ਤੇ ਸਿੱਖ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਤੇ ਅੱਜ ਸਥਿਤੀ ਇਹ ਹੈ ਕਿ ਸਿੱਖ ਹੀ ਸਿੱਖਾਂ ਨੂੰ ਮਾਰ ਰਹੇ ਹਨ ਤੇ ਫਿਰਕਾਪ੍ਰਸਤ ਬਾਹਰ ਬੈਠੇ ਤਮਾਸ਼ਾ ਵੇਖ ਰਹੇ ਹਨ। ਜਥੇਦਾਰ ਖੁਸਰੋਪੁਰ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜਿਸ ਵੀ ਜਥੇਦਾਰ ਨੂੰ ਟਿਕਟ ਦੇਵੇਗੀ ਉਸ ਨੂੰ ਸਫਲ ਬਣਾਉਣ ਲਈ ਅਸੀਂ ਤਨ, ਮਨ ਤੇ ਧਨ ਨਾਲ ਜ਼ੋਰ ਲਾਵਾਂਗੇ। ਇਸ ਮੌਕੇ ਜਥੇ. ਬਲਵੰਤ ਸਿੰਘ ਔਜਲਾ, ਭਾਈ ਤਰਸੇਮ ਸਿੰਘ, ਭਾਈ ਪਰਗਣ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਕੇਸਰਪੁਰ, ਭਾਈ ਗੁਰਮੀਤ ਸਿੰਘ ਰਜਾਪੁਰ, ਜੁਗਰਾਜ ਸਿੰਘ ਧੰਦਲ ਤੇ ਅਮਰੀਕ ਸਿੰਘ ਧੰਦਲ ਆਦਿ ਨੇ ਵੀ ਆਖਿਆ ਕਿ ਇਸ ਵਾਰ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣੇਗੀ।