ਡਾ. ਭੰਡਾਲ ਦੀਆਂ ਤਿੰਨ ਪੁਸਤਕਾਂ ਕੀਤੀਆਂ ਲੋਕ ਅਰਪਣ ਅੱਖਰ ਮੰਚ ਵਲੋਂ ਡਾਕਟਰ ਭੰਡਾਲ ਦੀਆਂ ਤਿੰਨ ਪੁਸਤਕਾਂ ਹੋਈਆਂ ਲੋਕ ਅਰਪਣ
Publish Date: Mon, 17 Aug 2026 07:15 PM (IST)
Updated Date: Mon, 17 Aug 2026 07:18 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਖਰ ਮੰਚ ਕਪੂਰਥਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਪ੍ਰਵਾਸੀ ਸ਼੍ਰੋਮਣੀ ਸਾਹਿਤਕਾਰ ਡਾ. ਗੁਰਬਖਸ਼ ਸਿੰਘ ਭੰਡਾਲ ਦੀਆਂ ਨਵ-ਪ੍ਰਕਾਸ਼ਿਤ ਤਿੰਨ ਪੁਸਤਕਾਂ ਸਫ਼ਰਨਾਮਾ ਲਾਹੌਰ ਦੀ ਫ਼ਿਜ਼ਾ ਤੇ ਕਰੂਜ਼ ਯਾਤਰਾ, ਵਾਰਤਕ ਟੁੱਟੀ ਡੰਡੀ ਵਾਲਾ ਕੱਪ ਤੇ ਬੱਚਿਓ! ਸਾਨੂੰ ਮਾਫ਼ ਕਰਨਾ ਡਾ. ਭੰਡਾਲ ਦੇ ਸਫ਼ਲ ਵਿਦਿਆਰਥੀਆਂ ਹੱਥੋਂ ਉਨ੍ਹਾਂ ਦੇ ਗ੍ਰਹਿ ਪ੍ਰੋਫੈਸਰ ਕਾਲੋਨੀ ਵਿਖੇ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਅੱਖਰ ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ ਨੇ ਸਾਰੇ ਸਾਹਿਤ ਪ੍ਰੇਮੀਆਂ ਦਾ ਅਭਿਨੰਦਨ ਕਰਦਿਆਂ ਦੱਸਿਆ ਕਿ ਡਾਕਟਰ ਗੁਰਬਖਸ਼ ਭੰਡਾਲ ਦੀ ਵਿਗਿਆਨਕ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਸਿਰਜਦੀ ਕਲਮ ਨੇ ਸਫ਼ਰਨਾਮੇ, ਵਾਰਤਕ, ਕਵਿਤਾ ਤੇ ਵਿਗਿਆਨਕ ਵਿਸ਼ਿਆਂ ਉੱਤੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਇਨ੍ਹਾਂ ਤਿੰਨ ਪੁਸਤਕਾਂ ਤੋਂ ਪਹਿਲਾਂ ਤੇਈ ਕਿਤਾਬਾਂ ਪਾ ਕੇ ਆਪਣੀ ਵਿਲੱਖਣਤਾਵਾਂ ਦਾ ਲੋਹਾ ਮਨਵਾਇਆ ਹੈ। ਅੱਖਰ ਮੰਚ ਕਪੂਰਥਲਾ ਦੇ ਬਾਨੀ ਸਰਪ੍ਰਸਤ ਪ੍ਰੋਫੈਸਰ ਕੁਲਵੰਤ ਔਜਲਾ ਨੇ ਡਾ. ਭੰਡਾਲ ਦੀ ਜੀਵਨ ਤੇ ਲਿਖਣ ਸ਼ੈਲੀ ਬਾਰੇ ਕਿਹਾ ਕਿ ਡਾ. ਭੰਡਾਲ ਜਿੱਥੇ ਫਿਜ਼ਿਕਸ ਦੇ ਪ੍ਰੋਫੈਸਰ ਰਹੇ ਹਨ, ਉੱਥੇ ਅੱਜ ਅਮਰੀਕਾ ਦੀ ਯੂਨੀਵਰਸਿਟੀ ਚ ਗੋਰੇ ਵਿਦਿਆਰਥੀਆਂ ਨੂੰ ਫਿਜ਼ਿਕਸ ਹੀ ਨਹੀਂ ਪੜ੍ਹਾਉਂਦੇ ਬਲਕਿ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਨ ਕਾਰਣ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕਾਂ ਵਿਚ ਇਕ ਹਨ, ਜਿਸ ਕਰਕੇ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਆਦਰਸ਼ ਅਧਿਆਪਕ ਹੋਣ ਦੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਘੇ ਪੱਤਰਕਾਰ ਤੇ ਲੇਖਕ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਕਿਹਾ ਕਿ ਸਾਨੂੰ ਕਿਤਾਬਾਂ ਦੇ ਮੰਥਨ ਕਰਦੇ ਤੇ ਲਿਖਦੇ ਟੀਕਾਕਾਰ ਵਿਦਵਾਨ ਤਾਂ ਬਹੁਤ ਮਿਲ ਜਾਣਗੇ ਪਰ ਡਾ. ਗੁਰਬਖਸ਼ ਭੰਡਾਲ ਵਰਗਾ ਪ੍ਰਕਿਰਤਕ ਵਿਚਾਰਕ ਕਦੇ ਹੀ ਲੱਭਦਾ ਹੈ, ਜੋ ਮਾਨਵੀ ਚੇਤਨਾ ਦਾ ਸਿਰਨਾਵਾਂ ਬਣ ਪੂਰੇ ਧਰਤੀ ਗ੍ਰਹਿ ਦਾ ਦਗਦਾ ਸੂਰਜ ਹੋਵੇ। ਪ੍ਰਿੰਸੀਪਲ ਅਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਡਾ. ਭੰਡਾਲ ਇੱਕ ਆਦਰਸ਼ ਅਧਿਆਪਕ ਹਨ ਜੋ ਆਪਣੇ ਵਿਦਿਆਰਥੀਆਂ ਦੇ ਮੱਥਿਆਂ ਵਿੱਚ ਸੁਪਨੇ ਬੀਜ ਕੇ ਜੀਵਨ ਦੇ ਮਾਰਗ ਨੂੰ ਅਜਿਹਾ ਸੁਖਾਲ਼ਾ ਬਣਾ ਦਿੰਦੇ ਹਨ, ਇਨ੍ਹਾਂ ਦਾ ਵਿਦਿਆਰਥੀ ਆਪਣੇ ਜੀਵਨ ਦੇ ਸ਼ਬਦਕੋਸ਼ ਵਿੱਚੋਂ ਅਸੰਭਵ ਸ਼ਬਦ ਨੂੰ ਮਨਫੀ ਕਰਕੇ ਨਵੇਂ ਦਿਸਹੱਦੇ ਸਿਰਜਦੇ ਹਨ। ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਡਾ. ਭੰਡਾਲ ਦੇ ਉਹ ਵਿਦਿਆਰਥੀ ਹਾਂ, ਜੇਕਰ ਸਾਡੇ ਕਾਲਜ ਸਮੇਂ ਵਿੱਚ ਭੰਡਾਲ ਸਾਹਿਬ ਨਾ ਆਉਂਦੇ ਤਾਂ ਅਸੀਂ ਪਤਾ ਨਹੀਂ ਕਿੱਥੇ ਰੁਲ਼ ਜਾਂਦੇ? ਇਸ ਮੌਕੇ ਡਾਕਟਰ ਸਰਦੂਲ ਸਿੰਘ ਔਜਲਾ, ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ, ਚਿੱਤਰਕਾਰ ਜਸਬੀਰ ਸੰਧੂ, ਉੱਧਮ ਸਿੰਘ ਔਜਲਾ ਤੋਂ ਇਲਾਵਾ ਡਾਕਟਰ ਭੰਡਾਲ ਦੇ ਵਿਦਿਆਰਥੀਆਂ ਚ ਸੁਖਬੀਰ ਸਿੰਘ ਵਾਲੀਆ, ਪ੍ਰਵਾਸੀ ਭਾਰਤੀ ਭਜਨ ਸਿੰਘ ਔਜਲਾ, ਪ੍ਰੋਫੈਸਰ ਯਾਦਵਿੰਦਰ ਸਿੰਘ ਕਲਸੀ, ਰਾਕੇਸ਼ ਸ਼ਰਮਾ, ਰਾਜਨ ਟੰਡਨ, ਡਾਕਟਰ ਦੀਪਕ ਅਰੋੜਾ, ਐਡਵੋਕੇਟ ਰਾਕੇਸ਼ ਪਰਾਸ਼ਰ, ਜੋਤੀ ਮਹਿੰਦਰੂ ਸਟੇਟ ਐਵਾਰਡੀ, ਰਵਿਸ਼ ਮੌਦਗਿਲ ਆਦਿ ਵੀ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਅੱਖਰ ਮੰਚ ਵਲੋਂ ਜਿੱਥੇ ਡਾ. ਗੁਰਬਖਸ਼ ਭੰਡਾਲ ਤੇ ਰੌਸ਼ਨ ਖੈੜਾ ਸਟੇਟ ਐਵਾਰਡੀ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਡਾਕਟਰ ਭੰਡਾਲ ਵੱਲੋਂ ਅੱਖਰ ਮੰਚ ਦੇ ਆਹੁਦੇਦਾਰਾਂ ਤੇ ਸਾਹਿਤ ਪ੍ਰੇਮੀ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਮੈਨੂੰ ਪੰਜਾਬੀ ਸਾਹਿਤ ਪੜ੍ਹਨ, ਸਮਝਣ ਦੀ ਗੁੜ੍ਹਤੀ ਪ੍ਰੋਫੈਸਰ ਕੁਲਵੰਤ ਔਜਲਾ ਨਾ ਦਿੰਦੇ ਤਾਂ ਸ਼ਬਦ ਸੰਸਾਰ ਨਾਲ ਏਨੀ ਗੂੜ੍ਹੀ ਸਾਂਝ ਵੀ ਨਹੀਂ ਪੈਣੀ ਸੀ। ਉਨ੍ਹਾਂ ਕਿਹਾ ਕਿ ਬਾਕੀ ਮਾਣ ਸਨਮਾਨ ਤਾਂ ਸਾਡੀ ਕਿਰਤ ਦੀਆਂ ਪਰਛਾਈਆਂ ਹੀ ਹੁੰਦੀਆਂ ਹਨ , ਜੋਂ ਸਾਨੂੰ ਜ਼ਮੀਨ ਨਾਲੋਂ ਟੁੱਟਣ ਨਹੀਂ ਦਿੰਦੀਆਂ।