ਜਥੇ. ਖਲਵਾੜਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਕੀਤਾ ਵਿਰੋਧ ਜਥੇਦਾਰ ਸਰੂਪ ਸਿੰਘ ਖਲਵਾੜਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਦਿੜਬਾ ਪ੍ਰੋਟੈਸਟ ‘ਚ ਕੀਤੀ ਸ਼ਮੂਲੀਅਤ
Publish Date: Sat, 19 Sep 2026 07:51 PM (IST)
Updated Date: Sat, 19 Sep 2026 07:53 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦਿੜਬਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਵਿਖੇ ਗੁਲਜ਼ਾਰ ਸਿੰਘ ਆਤਮ ਹੱਤਿਆ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਵੱਲੋਂ ਸਾਬਕਾ ਕੈਬਨਿਟ ਮੰਤਰੀ ਤੇ ਐੱਸਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਕੀਤੇ ਘਿਰਾਓ ਵਿੱਚ ਫਗਵਾੜਾ ਤੋਂ ਅਕਾਲੀ ਆਗੂਆਂ ਤੇ ਵਰਕਰਾਂ ਦਾ ਜੱਥਾ ਐੱਸਸੀ ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ, ਦੋਆਬਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਦਿਹਾਤੀ ਪ੍ਰਧਾਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਮਲ ਹੋਇਆ। ਉਨ੍ਹਾਂ ਦੇ ਨਾਲ ਸਰਵਣ ਸਿੰਘ ਸਰਦੁੱਲਾ ਸਰਪੰਚ, ਜਤਿੰਦਰ ਸਿੰਘ ਫੌਜੀ, ਚਰਨਜੀਤ ਸਿੰਘ ਸਹੋਤਾ ਸਮੇਤ ਹੋਰ ਆਗੂ ਤੇ ਵਰਕਰ ਵੀ ਜਥੇ ਵਿੱਚ ਉਚੇਰੇ ਤੌਰ ’ਤੇ ਸ਼ਾਮਲ ਸਨ। ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਵੱਲੋਂ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਦਿੜ੍ਹਬਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਤੇ ਜ਼ਿਲ੍ਹਾ ਕਪੂਰਥਲਾ ਤੋਂ ਅਕਾਲੀ ਵਰਕਰ ਪਾਰਟੀ ਦੀ ਇਸ ਮੁਹਿੰਮ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਲਈ ਦਿੜ੍ਹਬਾ ਪਹੁੰਚੇ। ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਗਿਰਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਹਰ ਪੱਧਰ ‘ਤੇ ਸੰਘਰਸ਼ ਕਰੇਗਾ। ਉਨ੍ਹਾਂ ਆਮ ਆਦਮੀ ਪਾਰਟੀ ਤੇ ਖਾਸ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਹਰਪਾਲ ਸਿੰਘ ਚੀਮਾ ਦੀ ਗਿਰਫਤਾਰੀ ਦਾ ਹੁਕਮ ਦੇਣ ਦੀ ਬਜਾਏ ਮੁੱਖ ਮੰਤਰੀ ਤੇ ਆਪ ਪਾਰਟੀ ਨੇ ਉਸ ਨੂੰ ਪੀਏਸੀ ਮੈਂਬਰ ਵਜੋਂ ਉੱਚੇ ਅਹੁਦੇ ਨਾਲ ਨਵਾਜ ਕੇ ਗੁਲਜ਼ਾਰ ਸਿੰਘ ਦੇ ਪਰਿਵਾਰ ਦੇ ਜ਼ਖ਼ਮਾਂ ’ਤੇ ਲੂਣ ਲਗਾਉਣ ਦਾ ਕੰਮ ਕੀਤਾ ਹੈ।