ਪੰਜਾਬ ’ਚ ਮੁੜ ਗੂੰਜੇਗੀ ਅਕਾਲੀ ਦਲ ਦੀ ਗੂੰਜ, 2027 ’ਚ ਬਣੇਗੀ ਸਰਕਾਰ : ਜੋਸਨ ਪੰਜਾਬ ’ਚ ਮੁੜ ਗੂੰਜੇਗੀ ਅਕਾਲੀ ਦਲ ਦੀ ਗੂੰਜ, 2027 'ਚ ਬਣੇਗੀ ਸਰਕਾਰ: ਇੰਦਰਜੀਤ ਸਿੰਘ ਜੋਸਨ
Publish Date: Wed, 05 Aug 2026 09:07 PM (IST)
Updated Date: Wed, 05 Aug 2026 09:10 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪਾਰਟੀ ਦੇ ਨੌਜਵਾਨ ਆਗੂ ਪੂਰੇ ਉਤਸ਼ਾਹ ਨਾਲ ਮੈਦਾਨ ਵਿੱਚ ਨਿੱਤਰ ਆਏ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਬਾਹਰਲੀਆਂ ਪਾਰਟੀਆਂ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਫਤਵਾ ਦੇ ਕੇ ਮੁੜ ਸੱਤਾ ਦੀ ਵਾਗਡੋਰ ਸੌਂਪਣਗੇ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜੋਸਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ’ਤੇ ਨਾਕਾਮ ਸਾਬਤ ਹੋਈ ਹੈ। ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ, ਨਸ਼ਿਆਂ ਦਾ ਜਾਲ ਨੌਜਵਾਨੀ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ, ਕਿਸਾਨ, ਵਪਾਰੀ, ਮੁਲਾਜ਼ਮ, ਮਜ਼ਦੂਰ ਅਤੇ ਆਮ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ। ਲੋਕਾਂ ਨਾਲ ਕੀਤੇ ਗਏ ਵਾਅਦੇ ਅਜੇ ਵੀ ਅਧੂਰੇ ਪਏ ਹਨ ਅਤੇ ਹਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਜੋਸਨ ਨੇ ਕਿਹਾ ਕਿ ਕਾਂਗਰਸ ਅੰਦਰੂਨੀ ਗੁੱਟਬਾਜ਼ੀ ਅਤੇ ਲੀਡਰਸ਼ਿਪ ਦੇ ਸੰਕਟ ਕਾਰਨ ਆਪਣਾ ਜਨ ਆਧਾਰ ਗੁਆ ਚੁੱਕੀ ਹੈ, ਜਦਕਿ ਭਾਜਪਾ ਨੇ ਵੀ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਸੂਬੇ ਦੀਆਂ ਭਾਵਨਾਵਾਂ ਨੂੰ ਅਣਦੇਖਿਆ ਕੀਤਾ ਹੈ। ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਸ ਨੇ ਹਰ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਮੁੜ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ 2027 ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਭਰਪੂਰ ਸਮਰਥਨ ਦੇ ਕੇ ਮੁੜ ਸੱਤਾ ਵਿੱਚ ਲਿਆਵੇਗੀ। ਇਸ ਮੌਕੇ ਬਲਜੀਤ ਸਿੰਘ ਬੱਲੀ ਸਾਬਕਾ ਸੰਮਤੀ ਮੈਂਬਰ, ਬਲਵਿੰਦਰ ਸਿੰਘ ਤੁੜ, ਇੰਟਰਨੈਸ਼ਨਲ ਕਬੱਡੀ ਖਿਡਾਰੀ, ਬਿਕਰਮਜੀਤ ਸਿੰਘ ਬਿੱਕਾ, ਸਰਪੰਚ ਮਨਜੀਤ ਸਿੰਘ ਗੋਲਡੀ ਜੋਸਨ ਸਮੇਤ ਹੋਰ ਅਕਾਲੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ ।