ਇਤਿਹਾਸਕ ਨਗਰ ਕੀਰਤਨ ਦੇ ਸਵਾਗਤ ਲਈ ਤਿਆਰੀਆਂ ਮੁਕੰਮਲ ‘ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ ਦੇ ਸਵਾਗਤ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤਿਆਰੀਆਂ ਮੁਕੰਮਲ
Publish Date: Thu, 22 Oct 2026 09:41 PM (IST)
Updated Date: Thu, 22 Oct 2026 09:42 PM (IST)
25 ਅਕਤੂਬਰ ਨੂੰ ਫਗਵਾੜਾ, ਕਰਤਾਰਪੁਰ ਤੇ ਢਿਲਵਾਂ ਵਿਖੇ ਨਗਰ ਕੀਰਤਨ ਦਾ ਹੋਵੇਗਾ ਭਰਵਾਂ ਸਵਾਗਤ : ਭੰਡਾਲ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਮਾਲਵੇ ਦੀ ਧਰਤੀ ਲੁਧਿਆਣਾ ਤੋਂ ਆਰੰਭ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਵਾਲੇ ‘ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ ਦਾ 25 ਅਕਤੂਬਰ ਨੂੰ ਫਗਵਾੜਾ, ਕਰਤਾਰਪੁਰ ਤੇ ਢਿਲਵਾਂ ਟੋਲ ਪਲਾਜ਼ਾ ਵਿਖੇ ਸੰਗਤਾਂ ਵੱਲੋਂ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਦੁਆਬਾ ਜ਼ੋਨ ਦੀ ਟੀਮ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈ ਕੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਫਗਵਾੜਾ ਵਿਖੇ ਰਣਜੀਤ ਸਿੰਘ ਫਤਿਹ ਦੀ ਅਗਵਾਈ ਹੇਠ ਪਾਰਟੀ ਦੀ ਟੀਮ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਕਰਤਾਰਪੁਰ ਵਿਖੇ ਕਪਤਾਨ ਹਵੇਲੀ ਦੇ ਸਾਹਮਣੇ, ਨੇੜੇ ਸਬ ਵੇ ’ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਕਪੂਰਥਲਾ ਜਗਜੀਤ ਸਿੰਘ ਧਾਲੀਵਾਲ ਤੇ ਹਲਕਾ ਸੇਵਾਦਾਰ ਭੁਲੱਥ ਨਛੱਤਰ ਸਿੰਘ ਬਾਈ ਦੀ ਟੀਮ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਉਪਰੰਤ ਹਲਕਾ ਭੁਲੱਥ ਦੀਆਂ ਸਮੂਹ ਸੰਗਤਾਂ ਵੱਲੋਂ ਨਛੱਤਰ ਸਿੰਘ ਬਾਈ ਦੀ ਅਗਵਾਈ ਹੇਠ ਢਿਲਵਾਂ ਟੋਲ ਪਲਾਜ਼ਾ ਵਿਖੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਸਵਾਗਤ ਕੀਤਾ ਜਾਵੇਗਾ। ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੁਆਬਾ ਜ਼ੋਨ ਦੇ ਸਕੱਤਰ ਨਰਿੰਦਰ ਸਿੰਘ ਖੁਸਰੋਪੁਰ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਦੀਪ ਸਿੰਘ ਭੰਡਾਲ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਹਿੰਦਰ ਸਿੰਘ ਬਾਜਵਾ, ਦਫ਼ਤਰ ਮੀਤ ਸਕੱਤਰ ਮਨਪ੍ਰੀਤ ਸਿੰਘ ਤੇ ਜੋਧਵੀਰ ਸਿੰਘ ਜੱਲੂਪੁਰ ਦੀ ਅਗਵਾਈ ਹੇਠ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਆਗੂਆਂ ਨੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸੰਗਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਆਗੂਆਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਨਗਰ ਕੀਰਤਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ, ਗੁਰੂ ਸਾਹਿਬ ਦੇ ਦਰਸ਼ਨ-ਦੀਦਾਰੇ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਤੇ ਇਸ ਪਵਿੱਤਰ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।