ਅਕਾਲੀ ਦਲ ਕੁਰਸੀ ਖਾਤਰ ਹੋ ਰਿਹਾ ਤਰਲੋਮੱਛੀ : ਜੱਗਾ ਅਕਾਲੀ ਦਲ ਕੁਰਸੀ ਦੀ ਖਾਤਿਰ ਭਾਜਪਾ ਨਾਲ ਗੱਠਜੋੜ ਲਈ ਹੋ ਰਿਹਾ ਤਰਲੋ ਮੱਛੀ : ਜਗਜੀਤ ਜੱਗਾ
Publish Date: Sat, 22 Aug 2026 09:48 PM (IST)
Updated Date: Sat, 22 Aug 2026 09:51 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਪਣੇ-ਆਪ ਨੂੰ ਕਿਸਾਨਾਂ ਦਾ ਹਮਾਇਤੀ ਦੱਸਣ ਵਾਲਾ ਅਕਾਲੀ ਦਲ ਬਾਦਲ ਹੁਣ ਆਪਣੀ ਸਿਆਸੀ ਕੁਰਸੀ ਬਚਾਉਣ ਖਾਤਰ 750 ਕਿਸਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਭਾਜਪਾ ਨਾਲ ਗਠਜੋੜ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ (ਜੱਗਾ) ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਸੰਵਿਧਾਨਕ ਤੇ ਰਾਜਸੀ ਅਧਿਕਾਰਾਂ ’ਤੇ ਡਾਕੇ ਮਾਰ ਰਹੀ ਹੈ। ਪੰਜਾਬ ਦੀ ਹੱਕੀ ਰਾਜਧਾਨੀ ਚੰਡੀਗੜ੍ਹ ਸਾਡੇ ਤੋਂ ਖੋਹਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ’ਚੋਂ ਸੂਬੇ ਦੀ ਨੁਮਾਇੰਦਗੀ ਖਤਮ ਕਰ ਕੇ ਕੇਂਦਰੀ ਮੁਲਾਜ਼ਮਾਂ ਨੂੰ ਠੋਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਕਿਸਾਨ ਵਿਰੋਧੀ 3 ਕਾਲੇ ਖੇਤੀ ਕਾਨੂੰਨ ਬਣਾਏ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੂੰ ਲੰਮਾ ਸਮਾਂ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਦਾ ਰਾਖਾ ਅਖਵਾਉਣ ਵਾਲਾ ਅਕਾਲੀ ਦਲ ਅੱਜ ਆਪਣੇ ਸਿਆਸੀ ਹਿੱਤਾਂ ਲਈ ਉਸੇ ਭਾਜਪਾ ਦੀ ਸ਼ਰਨ ਵਿਚ ਜਾਣ ਲਈ ਉਤਾਵਲਾ ਹੈ, ਜਿਸ ਦੀ ਤਾਜ਼ਾ ਮਿਸਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਹਾਲੀਆ ਮੁਲਾਕਾਤ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਸਿਆਸਤ ਦਾ ਕੇਂਦਰ ਸਿਰਫ਼ ਸੱਤਾ ਪ੍ਰਾਪਤੀ ਨਹੀਂ, ਸਗੋਂ ਪੰਥਕ ਵਿਚਾਰਧਾਰਾ, ਪੰਜਾਬ ਦੇ ਹੱਕਾਂ, ਲੋਕ ਭਲਾਈ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਤੇ ਬਿਹਤਰ ਭਵਿੱਖ ਦੀ ਲੜਾਈ ਹੈ ਤੇ ਪਾਰਟੀ ਪੰਜਾਬ ਦੇ ਮਸਲਿਆਂ ਨੂੰ ਸਿਆਸੀ ਏਜੰਡੇ ਦੇ ਕੇਂਦਰ ਵਿੱਚ ਲਿਆ ਕੇ ਪੰਜਾਬ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਵਿਧਾਨ ਸਭਾ ਤੱਕ ਪਹੁੰਚਾਉਣ ਲਈ ਵਚਨਬੱਧ ਹੈ।