ਅਕਾਲੀ, ਭਾਜਪਾ : ਨਾਮ ਵੱਡੇ ਦੇ ਦਰਸ਼ਨ ਛੋਟੇ
ਅਕਾਲੀ ਭਾਜਪਾ ਦੇ ਦਾਅਵੇ ਹੋਏ ਹਵਾ, ਜ਼ਮੀਨ ਖਿਸਕੀ!
Publish Date: Sun, 31 May 2026 08:51 PM (IST)
Updated Date: Sun, 31 May 2026 08:53 PM (IST)

-ਕਈ ਵਾਰਡਾਂ ਚ ਖਾਤਾ ਵੀ ਨਹੀਂ ਖੁੱਲ੍ਹਿਆ -ਖੋਜੇਵਾਲ ਤੇ ਵਾਲੀਆ ਦੀ ਲੀਡਰਸ਼ਿਪ ਤੇ ਉੱਠ ਸਕਦੈ ਸਵਾਲ ਹਰਨੇਕ ਸਿੰਘ ਜੈਨਪੁਰੀ ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਜਿਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਮਜ਼ਬੂਤ ਕੀਤਾ ਹੈ, ਉਥੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਲਈ ਕਈ ਅਸਹਿਜ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਣਾਂ ਤੋਂ ਪਹਿਲਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਉਹ ਨਿਗਮ ਵਿਚ ਮਜ਼ਬੂਤ ਹਾਜ਼ਰੀ ਦਰਜ ਕਰਵਾਉਣਗੇ, ਪਰ ਨਤੀਜੇ ਉਨ੍ਹਾਂ ਉਮੀਦਾਂ ਦੇ ਮੁਕਾਬਲੇ ਕਾਫੀ ਫਿੱਕੇ ਰਹੇ। ਭਾਜਪਾ 50 ਵਿਚੋਂ ਸਿਰਫ਼ 3 ਸੀਟਾਂ ਤੇ ਜਿੱਤ ਦਰਜ ਕਰ ਸਕੀ, ਉੱਧਰ ਅਕਾਲੀ ਦਲ ਵੀ 3 ਸੀਟਾਂ ਤੱਕ ਹੀ ਸੀਮਤ ਰਿਹਾ। ਇਸ ਦੇ ਉਲਟ ਕਾਂਗਰਸ ਨੇ 31 ਤੇ ਆਪ ਨੇ 11 ਸੀਟਾਂ ਜਿੱਤ ਕੇ ਨਿਗਮ ਦੀ ਸਿਆਸਤ ਦਾ ਰੁਖ ਸਪੱਸ਼ਟ ਕਰ ਦਿੱਤਾ। ਨਤੀਜਿਆਂ ਨੇ ਇਹ ਵੀ ਦਰਸਾ ਦਿੱਤਾ ਕਿ ਦੋਵਾਂ ਪਾਰਟੀਆਂ ਦਾ ਸੰਗਠਨ ਕਈ ਵਾਰਡਾਂ ਵਿਚ ਉਮੀਦ ਅਨੁਸਾਰ ਵੋਟਰਾਂ ਤੱਕ ਪਹੁੰਚ ਨਹੀਂ ਬਣਾ ਸਕਿਆ। ਭਾਜਪਾ ਨੂੰ ਸਭ ਤੋਂ ਵੱਧ ਤੇ ਸਭ ਤੋਂ ਘੱਟ ਵੋਟ ਕਿੱਥੇ ਮਿਲੇ ਭਾਜਪਾ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਰਡ ਨੰਬਰ 33 ਵਿਚ ਰਹੀ, ਜਿਥੇ ਪਾਰਟੀ ਨੂੰ 515 ਵੋਟਾਂ ਮਿਲੀਆਂ ਤੇ ਪਾਰਟੀ ਉਮੀਦਵਾਰ ਜੇਤੂ ਰਿਹਾ। ਇਸ ਤੋਂ ਇਲਾਵਾ ਵਾਰਡ 27 ਵਿਚ 486, ਵਾਰਡ 50 ਵਿਚ 414, ਵਾਰਡ 49 ਵਿਚ 365, ਵਾਰਡ 34 ਵਿਚ 315 ਤੇ ਵਾਰਡ 2 ਵਿਚ 278 ਵੋਟਾਂ ਮਿਲੀਆਂ, ਜੋ ਪਾਰਟੀ ਲਈ ਹੌਸਲਾ ਵਧਾਉਣ ਵਾਲੇ ਅੰਕੜੇ ਹਨ। ਦੂਜੇ ਪਾਸੇ ਭਾਜਪਾ ਦੀ ਹਾਲਤ ਕਈ ਵਾਰਡਾਂ ਵਿਚ ਬਹੁਤ ਮਾੜੀ ਰਹੀ। ਵਾਰਡ 40 ਵਿਚ ਸਿਰਫ਼ 5 ਵੋਟਾਂ, ਵਾਰਡ 46 ਵਿਚ 8, ਵਾਰਡ 41 ਵਿਚ 10, ਵਾਰਡ 9 ਵਿਚ 18, ਵਾਰਡ 12 ਵਿਚ 19, ਵਾਰਡ 11 ਵਿਚ 24 ਤੇ ਵਾਰਡ 37 ਵਿਚ 25 ਵੋਟਾਂ ਹੀ ਮਿਲ ਸਕੀਆਂ। ਇਹ ਅੰਕੜੇ ਦਰਸਾਉਂਦੇ ਹਨ ਕਿ ਇਨ੍ਹਾਂ ਇਲਾਕਿਆਂ ਵਿਚ ਭਾਜਪਾ ਆਪਣਾ ਪ੍ਰਭਾਵ ਬਣਾਉਣ ਵਿਚ ਨਾਕਾਮ ਰਹੀ। ਭਾਜਪਾ ਦੀ ਜਿੱਤ ਸਿਰਫ਼ ਤਿੰਨ ਵਾਰਡਾਂ ਤੱਕ ਸੀਮਤ ਭਾਜਪਾ ਨੇ ਸਿਰਫ਼ ਵਾਰਡ 27, 33 ਤੇ 34 ਵਿਚ ਜਿੱਤ ਦਰਜ ਕੀਤੀ। ਬਾਕੀ ਵਾਰਡਾਂ ਵਿਚ ਪਾਰਟੀ ਮੁੱਖ ਮੁਕਾਬਲੇ ਤੋਂ ਕਾਫੀ ਪਿੱਛੇ ਰਹੀ। ਕਈ ਥਾਵਾਂ ਤੇ ਤਾਂ ਭਾਜਪਾ ਤੀਜੇ ਤੇ ਚੌਥੇ ਸਥਾਨ ਤੇ ਵੀ ਰਹੀ। ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਨਿਗਮ ਵਿਚ ਨਿਰਣਾਇਕ ਭੂਮਿਕਾ ਨਿਭਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਨਤੀਜੇ ਉਨ੍ਹਾਂ ਦਾਅਵਿਆਂ ਨਾਲ ਮੇਲ ਨਹੀਂ ਖਾਂਦੇ। ਇਸ ਕਾਰਨ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਸੰਗਠਨਾਤਮਕ ਰਣਨੀਤੀ ਤੇ ਲੀਡਰਸ਼ਿਪ ਤੇ ਪਾਰਟੀ ਦੇ ਅੰਦਰ ਚਰਚਾ ਹੋਣਾ ਸੁਭਾਵਿਕ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਨੂੰ ਸਭ ਤੋਂ ਵੱਧ ਵੋਟ ਕਿੱਥੇ ਮਿਲੇ ਅਕਾਲੀ ਦਲ ਦੀ ਸਭ ਤੋਂ ਮਜ਼ਬੂਤ ਕਾਰਗੁਜ਼ਾਰੀ ਵਾਰਡ ਨੰਬਰ 43 ਵਿਚ ਰਹੀ, ਜਿਥੇ ਪਾਰਟੀ ਨੂੰ 831 ਵੋਟਾਂ ਮਿਲੀਆਂ। ਇਸ ਤੋਂ ਬਾਅਦ ਵਾਰਡ 42 ਵਿਚ 422, ਵਾਰਡ 18 ਵਿਚ 356, ਵਾਰਡ 28 ਵਿਚ 328, ਵਾਰਡ 6 ਵਿਚ 259, ਵਾਰਡ 25 ਵਿਚ 249 ਤੇ ਵਾਰਡ 40 ਵਿਚ 216 ਵੋਟਾਂ ਮਿਲੀਆਂ। ਕਈ ਵਾਰਡਾਂ ਚ ਅਕਾਲੀ ਦਲ ਦੀ ਹਾਲਤ ਬੇਹੱਦ ਮਾੜੀ ਰਹੀ ਅਕਾਲੀ ਦਲ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਰਡ 49 ਵਿਚ 22 ਵੋਟਾਂ ਤੇ ਵਾਰਡ 26 ਵਿਚ 24 ਵੋਟਾਂ ਰਹੀ। ਇਸ ਤੋਂ ਇਲਾਵਾ ਵਾਰਡ 48 ਵਿਚ 24, ਵਾਰਡ 9 ਵਿਚ 69, ਵਾਰਡ 7 ਵਿਚ 73, ਵਾਰਡ 45 ਵਿਚ 101, ਵਾਰਡ 21 ਵਿਚ 110 ਤੇ ਵਾਰਡ 5 ਵਿਚ 112 ਵੋਟਾਂ ਮਿਲੀਆਂ। ਅਕਾਲੀ ਦਲ ਦੀ ਵਾਪਸੀ ਦਾ ਦਾਅਵਾ ਵੀ ਨਾ ਚੱਲਿਆ ਅਕਾਲੀ ਦਲ ਨੇ ਵੀ ਨਿਗਮ ਚੋਣਾਂ ਨੂੰ ਆਪਣੀ ਸਿਆਸੀ ਵਾਪਸੀ ਦਾ ਮੌਕਾ ਦੱਸਿਆ ਸੀ। ਐੱਚਐੱਸ ਵਾਲੀਆ ਦੀ ਅਗਵਾਈ ਹੇਠ ਪਾਰਟੀ ਨੇ ਕਈ ਵਾਰਡਾਂ ਵਿਚ ਜ਼ੋਰਦਾਰ ਪ੍ਰਚਾਰ ਕੀਤਾ, ਪਰ ਨਤੀਜੇ ਉਮੀਦਾਂ ਤੋਂ ਕਾਫੀ ਘੱਟ ਰਹੇ। ਹਾਲਾਂਕਿ ਵਾਰਡ 43 ਵਿਚ 831 ਤੇ ਵਾਰਡ 42 ਵਿਚ 422 ਵੋਟਾਂ ਮਿਲਣ ਨਾਲ ਪਾਰਟੀ ਨੇ ਕੁਝ ਖੇਤਰਾਂ ਵਿਚ ਆਪਣਾ ਪ੍ਰਭਾਵ ਦਿਖਾਇਆ, ਪਰ ਕਈ ਵਾਰਡਾਂ ਵਿਚ ਅਕਾਲੀ ਦਲ ਦੀ ਹਾਲਤ ਬੇਹੱਦ ਕਮਜ਼ੋਰ ਰਹੀ। ਵਾਰਡ 49 ਵਿਚ 22, ਵਾਰਡ 26 ਵਿਚ 24 ਤੇ ਵਾਰਡ 48 ਵਿਚ 24 ਵੋਟਾਂ ਮਿਲਣੀਆਂ ਇਹ ਦਰਸਾਉਂਦੀਆਂ ਹਨ ਕਿ ਪਾਰਟੀ ਦਾ ਰਵਾਇਤੀ ਵੋਟ ਬੈਂਕ ਵੀ ਕਈ ਇਲਾਕਿਆਂ ਵਿਚ ਖਿਸਕ ਚੁੱਕਾ ਹੈ। ਨਤੀਜਿਆਂ ਤੋਂ ਬਾਅਦ ਪਾਰਟੀ ਅੰਦਰ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਸੰਗਠਨ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ਦੀ ਲੋੜ ਹੈ ਤੇ ਕੀ ਮੌਜੂਦਾ ਲੀਡਰਸ਼ਿਪ ਉਮੀਦਾਂ ਤੇ ਖਰੀ ਉਤਰ ਸਕੀ ਹੈ। ਇਹ ਵਾਰਡ ਬਣੇ ਭਾਜਪਾ ਤੇ ਅਕਾਲੀ ਦਲ ਲਈ ਸਭ ਤੋਂ ਵੱਡੀ ਚਿੰਤਾ ਜੇ ਸਭ ਤੋਂ ਕਮਜ਼ੋਰ ਪ੍ਰਦਰਸ਼ਨ ਵਾਲੇ ਵਾਰਡਾਂ ਦੀ ਗੱਲ ਕਰੀਏ ਤਾਂ ਭਾਜਪਾ ਲਈ ਵਾਰਡ 40, 46, 41, 9, 12, 11 ਤੇ 37 ਵੱਡੀ ਚਿੰਤਾ ਦਾ ਕਾਰਨ ਹਨ, ਜਿਥੇ ਪਾਰਟੀ ਨੂੰ 25 ਤੋਂ ਵੀ ਘੱਟ ਵੋਟਾਂ ਮਿਲੀਆਂ। ਉਥੇ ਹੀ ਅਕਾਲੀ ਦਲ ਲਈ ਵਾਰਡ 49, 26, 48, 9 ਤੇ 7 ਦੇ ਨਤੀਜੇ ਨਿਰਾਸ਼ਾਜਨਕ ਰਹੇ, ਜਿਥੇ ਪਾਰਟੀ ਆਪਣਾ ਰਵਾਇਤੀ ਅਧਾਰ ਵੀ ਮਜ਼ਬੂਤੀ ਨਾਲ ਨਹੀਂ ਬਚਾ ਸਕੀ। ਕਾਂਗਰਸ-ਆਪ ਦੀ ਲੜਾਈ ਵਿਚ ਹਾਸ਼ੀਏ ਤੇ ਰਹੇ ਦੋਵੇਂ ਦਲ ਇਹ ਚੋਣਾਂ ਸਪੱਸ਼ਟ ਤੌਰ ਤੇ ਕਾਂਗਰਸ ਤੇ ਆਪ ਦੇ ਵਿਚਾਲੇ ਦੀ ਲੜਾਈ ਬਣ ਕੇ ਰਹਿ ਗਈਆਂ। ਭਾਜਪਾ ਤੇ ਅਕਾਲੀ ਦਲ ਕੁਝ ਵਾਰਡਾਂ ਵਿਚ ਹੀ ਪ੍ਰਭਾਵ ਛੱਡ ਸਕੇ। ਕਈ ਥਾਵਾਂ ਤੇ ਦੋਵੇਂ ਪਾਰਟੀਆਂ ਤੀਜੇ ਜਾਂ ਚੌਥੇ ਸਥਾਨ ਤੇ ਰਹੀਆਂ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਸ਼ਹਿਰੀ ਵੋਟਰਾਂ ਦਾ ਰੁਝਾਨ ਅਜੇ ਵੀ ਦੋ ਮੁੱਖ ਦਲਾਂ ਵੱਲ ਵੱਧ ਹੈ। -ਨਤੀਜਿਆਂ ਦਾ ਸਿਆਸੀ ਸੰਦੇਸ਼- ਨਿਗਮ ਚੋਣਾਂ ਦੇ ਅੰਕੜੇ ਸਾਫ਼ ਸੰਕੇਤ ਦਿੰਦੇ ਹਨ ਕਿ ਕਪੂਰਥਲਾ ਸ਼ਹਿਰ ਦੀ ਸਿਆਸਤ ਵਿਚ ਇਸ ਸਮੇਂ ਮੁੱਖ ਲੜਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੈ। ਭਾਜਪਾ ਤੇ ਅਕਾਲੀ ਦਲ ਕੁਝ ਖਾਸ ਵਾਰਡਾਂ ਵਿਚ ਤਾਂ ਪ੍ਰਭਾਵ ਦਿਖਾਉਣ ਵਿਚ ਕਾਮਯਾਬ ਰਹੇ, ਪਰ ਸ਼ਹਿਰ ਦੇ ਵੱਡੇ ਹਿੱਸੇ ਵਿਚ ਉਨ੍ਹਾਂ ਨੂੰ ਆਪਣਾ ਜਨ ਅਧਾਰ ਮੁੜ ਮਜ਼ਬੂਤ ਕਰਨ ਲਈ ਕਾਫੀ ਮਿਹਨਤ ਕਰਨੀ ਪਵੇਗੀ। ਖਾਸ ਕਰਕੇ ਜਿਨ੍ਹਾਂ ਵਾਰਡਾਂ ਵਿਚ ਵੋਟਾਂ ਦੀ ਗਿਣਤੀ ਦਹਾਈ ਤੱਕ ਸਿਮਟ ਗਈ, ਉਥੇ ਪਾਰਟੀਆਂ ਨੂੰ ਆਪਣੀ ਸੰਗਠਨਾਤਮਕ ਤਾਕਤ ਤੇ ਜ਼ਮੀਨੀ ਪਹੁੰਚ ਤੇ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਭਾਵੇਂ ਸਥਾਨਕ ਪੱਧਰ ਦੀਆਂ ਹੁੰਦੀਆਂ ਹਨ, ਪਰ ਇਹ ਨਤੀਜੇ ਪਾਰਟੀਆਂ ਦੀ ਜ਼ਮੀਨੀ ਪਕੜ ਦਾ ਸਪੱਸ਼ਟ ਸੰਕੇਤ ਵੀ ਦਿੰਦੇ ਹਨ। ਭਾਜਪਾ ਤੇ ਅਕਾਲੀ ਦਲ ਲਈ ਇਹ ਚੋਣਾਂ ਆਤਮ-ਮੰਥਨ ਦਾ ਮੌਕਾ ਬਣ ਗਈਆਂ ਹਨ, ਜਦਕਿ ਕਾਂਗਰਸ ਤੇ ਆਪ ਲਈ ਇਹ ਨਤੀਜੇ ਭਵਿੱਖ ਦੀ ਸਿਆਸੀ ਲੜਾਈ ਲਈ ਮਨੋਬਲ ਵਧਾਉਣ ਵਾਲੇ ਮੰਨੇ ਜਾ ਰਹੇ ਹਨ। -ਬਾਕਸ- ਭਾਜਪਾ ਦਾ ਰਿਪੋਰਟ ਕਾਰਡ ਸੀਟਾਂ ਜਿੱਤੀਆਂ : 3 ਸਭ ਤੋਂ ਵੱਧ ਵੋਟ: ਵਾਰਡ 33 ’ਚ 515 ਸਭ ਤੋਂ ਘੱਟ ਵੋਟ: ਵਾਰਡ 40 ’ਚ 5 ਬੇਹੱਦ ਕਮਜ਼ੋਰ ਵਾਰਡ: 40, 46, 41, 9, 12, 11, 37 ਸਿਆਸੀ ਸਵਾਲ: ਕੀ ਵੱਡੇ ਦਾਅਵਿਆਂ ਦੇ ਬਾਵਜੂਦ ਸੰਗਠਨ ਵੋਟਰਾਂ ਤੱਕ ਪਹੁੰਚ ਬਣਾਉਣ ਵਿਚ ਨਾਕਾਮ ਰਿਹਾ? -ਬਾਕਸ- ਅਕਾਲੀ ਦਲ ਦਾ ਰਿਪੋਰਟ ਕਾਰਡ ਸੀਟਾਂ ਜਿੱਤੀਆਂ : 3 ਸਭ ਤੋਂ ਵੱਧ ਵੋਟ: ਵਾਰਡ 43 ’ਚ 831 ਸਭ ਤੋਂ ਘੱਟ ਵੋਟ: ਵਾਰਡ 49 ’ਚ 22 ਬੇਹੱਦ ਕਮਜ਼ੋਰ ਵਾਰਡ: 49, 26, 48, 9, 7 ਸਿਆਸੀ ਸਵਾਲ: ਕੀ ਪਾਰਟੀ ਆਪਣਾ ਰਵਾਇਤੀ ਵੋਟ ਬੈਂਕ ਸੰਭਾਲਣ ਵਿਚ ਅਸਫਲ ਰਹੀ? -ਬਾਕਸ- ਨਤੀਜਿਆਂ ਤੋਂ ਬਾਅਦ ਉੱਠ ਰਹੇ ਤਿੰਨ ਵੱਡੇ ਸਵਾਲ ➤ ਕੀ ਰਣਜੀਤ ਸਿੰਘ ਖੋਜੇਵਾਲ ਤੇ ਐੱਚਐੱਸ ਵਾਲੀਆ ਦੀ ਚੋਣ ਰਣਨੀਤੀ ਉਮੀਦਾਂ ਅਨੁਸਾਰ ਸਾਬਤ ਹੋਈ? ➤ ਕੀ ਦੋਵੇਂ ਪਾਰਟੀਆਂ ਨੂੰ ਸ਼ਹਿਰੀ ਖੇਤਰਾਂ ਵਿਚ ਸੰਗਠਨਾਤਮਕ ਢਾਂਚਾ ਮੁੜ ਮਜ਼ਬੂਤ ਕਰਨ ਦੀ ਲੋੜ ਹੈ? ➤ ਕੀ ਨਿਗਮ ਚੋਣਾਂ ਦੇ ਨਤੀਜੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੇਤਾਵਨੀ ਸਾਬਤ ਹੋਣਗੇ?