ਕੱਲ੍ਹ ਸੰਗਰੂਰ ’ਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਦੇਵਾਂਗੇ ਧਰਨਾ : ਭੁੱਲਰ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਵਿਰੁੱਧ ਅੰਦੋਲਨ ਹੋਵੇਗਾ ਹੋਰ ਤਿੱਖਾ : ਸਾਹਿਬ ਸਿੰਘ ਭੁੱਲਰ
Publish Date: Sat, 03 Oct 2026 08:25 PM (IST)
Updated Date: Sat, 03 Oct 2026 08:25 PM (IST)
ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਵਿਰੁੱਧ ਅੰਦੋਲਨ ਹੋਵੇਗਾ ਹੋਰ ਤਿੱਖਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੰਬਰਦਾਰ ਯੂਨੀਅਨ ਰਜਿਸਟਰਡ ਪੰਜਾਬ ਦੀ ਸੁਲਤਾਨਪੁਰ ਲੋਧੀ ਇਕਾਈ ਦੀ ਮੀਟਿੰਗ ਅੱਜ ਪ੍ਰਧਾਨ ਸਾਹਿਬ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਨੰਬਰਦਾਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਟਾਲਮਟੋਲ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਨੰਬਰਦਾਰਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਸਾਹਿਬ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪ੍ਰਵਾਨ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਸੂਬਾ ਨੰਬਰਦਾਰ ਯੂਨੀਅਨ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਲੰਬੇ ਸਮੇਂ ਤੋਂ ਸਰਕਾਰ ਨੂੰ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾ ਰਹੇ ਹਨ, ਪਰ ਮਸਲੇ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਦਿਆਂ ਸਾਹਿਬ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਾ ਪਿੰਡਾਂ, ਸ਼ਹਿਰਾਂ ਤੇ ਗਲੀਆਂ-ਮੁਹੱਲਿਆਂ ਤੱਕ ਪਹੁੰਚ ਚੁੱਕਾ ਹੈ ਤੇ ਨੌਜਵਾਨ ਇਸ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਸਿਰਫ਼ ਮੁਹਿੰਮਾਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਨਸ਼ੇ ਦੀ ਜੜ੍ਹ ਤੱਕ ਪਹੁੰਚ ਕੇ ਇਸ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇ। ਮੰਗਲ ਸਿੰਘ ਭੱਟੀ ਸਾਬਕਾ ਪ੍ਰਧਾਨ ਨੇ ਕਿਹਾ ਕਿ ਨੰਬਰਦਾਰ ਪਿੰਡਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਵਿਚਕਾਰ ਅਹਿਮ ਕੜੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਹੁਣ ਵੀ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਈ ਗਈ ਤਾਂ ਨੰਬਰਦਾਰ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਗੇ। ਇਸ ਮੌਕੇ ਸਾਹਿਬ ਸਿੰਘ ਭੁੱਲਰ ਪ੍ਰਧਾਨ, ਮੰਗਲ ਸਿੰਘ ਭੱਟੀ ਸਾਬਕਾ ਪ੍ਰਧਾਨ, ਕੁਲਦੀਪ ਸਿੰਘ ਸਾਗਰਾ ਜਨਰਲ ਸਕੱਤਰ, ਅਮਰਜੀਤ ਸਿੰਘ ਫੌਜੀ ਕਲੋਨੀ, ਸੁਖਦੇਵ ਸਿੰਘ ਕਬੀਰਪੁਰ, ਰੇਸ਼ਮ ਸਿੰਘ ਵਿਧੀਪੁਰ, ਹਰਜੀਤ ਸਿੰਘ ਨੰਬਰਦਾਰ ਬੂਸੋਵਾਲ, ਤੀਰਥ ਸਿੰਘ ਪਹਿਲਵਾਨ, ਸਤਨਾਮ ਸਿੰਘ ਬੂਸੋਵਾਲ, ਮਲਕੀਤ ਸਿੰਘ ਨੰਬਰਦਾਰ, ਭਜਨ ਸਿੰਘ ਭਾਗੋ ਰਾਈਆਂ, ਮੁਖਤਾਰ ਸਿੰਘ ਬਾਊਪੁਰ, ਵਿਰਸਾ ਸਿੰਘ ਘੜਕਾ, ਜੋਗਿੰਦਰ ਸਿੰਘ ਬੂਸੋਵਾਲ, ਗੁਰਪ੍ਰੀਤ ਸਿੰਘ ਚੱਕ ਪੱਤੀ ਅਤੇ ਕੁੰਦਨ ਸਿੰਘ ਚੱਕ ਪੱਤੀ ਸਮੇਤ ਹੋਰ ਨੰਬਰਦਾਰ ਹਾਜ਼ਰ ਸਨ।