‘ਆਪ’ ਨੇ ਕਪੂਰਥਲਾ ’ਚ ਭਾਜਪਾ ਖ਼ਿਲਾਫ਼ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ ਮਹਿਲਾ ਵਿੰਗ ਨੇ ਥਾਲੀਆਂ
Publish Date: Sat, 25 Jul 2026 10:16 PM (IST)
Updated Date: Sat, 25 Jul 2026 10:16 PM (IST)
ਮਹਿਲਾ ਵਿੰਗ ਨੇ ਥਾਲੀਆਂ ਵਜਾ ਕੇ ਪ੍ਰਗਟਾਇਆ ਵਿਰੋਧ ਪੱਤਰ ਪ੍ਰੇਰਕ, ਜਾਗਰਣ, ਕਪੂਰਥਲਾ : ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਚ ਆ ਰਹੀ ਲਗਾਤਾਰ ਗਿਰਾਵਟ ਅਤੇ ਖਾਮੀਆਂ ਦੇ ਵਿਰੋਧ ਵਿਚ ਸ਼ਨਿਚਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੀ ਕਪੂਰਥਲਾ ਜ਼ਿਲ੍ਹਾ ਇਕਾਈ ਵੱਲੋਂ ਭਾਜਪਾ ਖ਼ਿਲਾਫ਼ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੁਜ਼ਾਹਰੇ ਦੀ ਅਗਵਾਈ ਆਪ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕਪਤਾਨ ਨੇ ਕੀਤੀ। ਦੀਪਕ ਕਪਤਾਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਹੋਰ ਮਿਹਨਤਕਸ਼ ਵਰਗਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਕਾਰਨ ਆਮ ਲੋਕਾਂ ਦੀ ਜ਼ਿੰਦਗੀ ’ਤੇ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਤੋਂ ਲੈ ਕੇ ਮਿਡਲ ਕਲਾਸ ਤੱਕ ਵੱਡੀ ਗਿਣਤੀ ਵਿਚ ਲੋਕ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਦਾ ਸਿੱਧਾ ਪ੍ਰਭਾਵ ਆਮ ਲੋਕਾਂ ’ਤੇ ਪਿਆ ਹੈ। ਇਸ ਰੋਸ ਮੁਜ਼ਾਹਰੇ ਦਾ ਮੁੱਖ ਆਕਰਸ਼ਣ ਆਮ ਆਦਮੀ ਪਾਰਟੀ ਦਾ ਮਹਿਲਾ ਵਿੰਗ ਸੀ। ਮਹਿਲਾ ਵਿੰਗ ਦੀਆਂ ਵਰਕਰਾਂ ਅਤੇ ਆਗੂਆਂ ਨੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਹੱਥਾਂ ਵਿਚ ਥਾਲੀਆਂ ਲੈ ਕੇ ਜ਼ੋਰ-ਜ਼ੋਰ ਨਾਲ ਖੜਕਾਈਆਂ। ਇਸ ਅਨੋਖੇ ਪ੍ਰਦਰਸ਼ਨ ਰਾਹੀਂ ਔਰਤਾਂ ਨੇ ਸੁੱਤੀ ਹੋਈ ਕੇਂਦਰ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ। ਮਹਿਲਾ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਹੈ ਅਤੇ ਇਸ ਲਈ ਸਿੱਧੇ ਤੌਰ ’ਤੇ ਕੇਂਦਰੀ ਸਿੱਖਿਆ ਮੰਤਰੀ ਜ਼ਿੰਮੇਵਾਰ ਹਨ। ਇਸ ਰੋਸ ਮੁਜ਼ਾਹਰੇ ਵਿਚ ਕਪੂਰਥਲਾ ਜ਼ਿਲ੍ਹੇ ਦੀ ਸਮੂਹ ਲੀਡਰਸ਼ਿਪ ਇਕਜੁੱਟ ਨਜ਼ਰ ਆਈ। ਇਸ ਮੌਕੇ ਮੁੱਖ ਤੌਰ ’ਤੇ ਮੌਜੂਦ ਨੇਤਾਵਾਂ ਵਿਚ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ, ਐਡਵੋਕੇਟ ਹਰਸਿਮਰਨ ਸਿੰਘ ਘੁੰਮਨ (ਹਲਕਾ ਇੰਚਾਰਜ ਭੁਲੱਥ), ਸੁਖਵੰਤ ਸਿੰਘ ਪੱਡਾ (ਸੂਬਾ ਸਕੱਤਰ ਕਿਸਾਨ ਵਿੰਗ ਦੋਆਬਾ ਜ਼ੋਨ), ਕਰਮਵੀਰ ਸਿੰਘ ਚੰਦੀ (ਹਲਕਾ ਇੰਚਾਰਜ ਕਪੂਰਥਲਾ) ਅਤੇ ਪਰਵਿੰਦਰ ਸਿੰਘ ਢੋਟ (ਜ਼ਿਲ੍ਹਾ ਇੰਚਾਰਜ ਵਿਰਾਸਤ ਸੇਵਾ ਸੰਸਥਾ) ਸ਼ਾਮਲ ਸਨ। ਇਸ ਪ੍ਰਦਰਸ਼ਨ ਵਿਚ ਆਮ ਆਦਮੀ ਪਾਰਟੀ ਦੇ ਸੈਂਕੜੇ ਸਰਗਰਮ ਵਲੰਟੀਅਰਾਂ ਨੇ ਹਿੱਸਾ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ।