ਨਵੀਂ ਬਨਣ ਵਾਲੀ ਸੜਕ ਦਾ ਐਡਵੋਕੇਟ ਚੰਦੀ ਨੇ ਕੀਤਾ ਉਦਘਾਟਨ ਨਵੀਂ ਬਨਣ ਵਾਲੀ ਸੜਕ ਦਾ ਐਡਵੋਕੇਟ ਚੰਦੀ ਨੇ ਕੀਤਾ ਉਦਘਾਟਨ
Publish Date: Fri, 09 Oct 2026 09:42 PM (IST)
Updated Date: Fri, 09 Oct 2026 09:44 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਪੂਰਥਲਾ ਹਲਕੇ ਦੇ ਵਿਕਾਸ ਲਈ ਸ਼ੁਰੂ ਕੀਤੀ ਗਈ ਕ੍ਰਾਂਤੀ ਮੁਹਿੰਮ ਦੇ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਵੱਖ-ਵੱਖ ਪਿੰਡਾਂ ਤੇ ਵਾਰਡਾਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਵਾਰਡ ਨੰਬਰ 39 ਵਿੱਚ ਗਲੀ ਨੰਬਰ 3 ਤੇ ਗਲੀ ਨੰਬਰ 5 ਵਿਖੇ ਨਵੀਂ ਬਨਣ ਵਾਲੀ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਵਿਕਾਸ ਪ੍ਰਾਜੈਕਟਾਂ ਨੂੰ ਗਰਾਂਟਾ ਦਿੱਤੀਆਂ ਜਾ ਰਹੀਆਂ ਹਨ, ਇਸੇ ਤਹਿਤ ਇਹ ਕੰਮ ਸ਼ੁਰੂ ਕੀਤਾ ਗਿਆ ਹੈ। ਐਡਵੋਕੇਟ ਚੰਦੀ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਪ੍ਰਗਟਾਈ ਕਿ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ’ਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਫਰਜ਼ ਹੈ ਤੇ ਇਹ ਸੜਕਾਂ ਸਿਰਫ਼ ਸ਼ੁਰੂਆਤ ਹਨ। ਅਸੀਂ ਕਪੂਰਥਲਾ ਹਲਕੇ ਤੇ ਇਸਦੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਲਈ ਕੰਮ ਕਰਦੇ ਰਹਾਂਗੇ। ਨਵੀਆਂ ਬਣ ਰਹੀਆਂ ਸੜਕਾਂ ਤੋਂ ਲੋਕਾਂ ਤੇ ਵਾਹਨਾਂ ਦੀ ਆਵਾਜਾਈ ਲਈ ਇਕ ਨਿਰਵਿਘਨ ਤੇ ਵਧੇਰੇ ਟਿਕਾਊ ਸਤ੍ਹਾ ਦੀ ਉਮੀਦ ਕੀਤੀ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਵਾਰਡ ਦੇ ਵਾਸੀਆਂ ਨੂੰ ਸਗੋਂ ਵਾਰਡ ’ਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਵੀਆਂ ਬਣ ਰਹੀਆਂ ਸੜਕਾਂ ਦੀ ਸੰਭਾਲ ਕਰਨ ਤੇ ਜ਼ਿੰਮੇਵਾਰੀ ਨਾਲ ਵਰਤੋਂ ਕਰਨ।