ਐਡਵੋਕੇਟ ਅਮਿਤ ਨੂੰ ਮਿਲਿਆ ਪ੍ਰਿੰਸੀਪਲ ਰਾਸ਼ਟਰੀ ਸਨਮਾਨ ਫੈਪ ਨੈਸ਼ਨਲ ਐਵਾਰਡ 2026 ਵਿੱਚ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੂੰ ਮਿਿਲਆ ਵੱਕਾਰੀ ਪ੍ਰਾਈਡ ਆਫ ਸਕੂਲ ਐਵਾਰਡ ਪ੍ਰਿੰਸੀਪਲ ਰਾਸ਼ਟਰੀ ਸਨਮਾਨ
Publish Date: Sun, 29 Nov 2026 07:01 PM (IST)
Updated Date: Sun, 29 Nov 2026 07:01 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਡੀਆਰ ਵਿਦਿਅਕ ਸੰਸਥਾਵਾਂ ਲਈ ਇਹ ਬੇਹੱਦ ਮਾਣ ਤੇ ਖੁਸ਼ੀ ਦਾ ਮੌਕਾ ਹੈ ਕਿ ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ਼ ਆਦਰਸ਼ ਨਗਰ, ਫਗਵਾੜਾ ਦੇ ਚੇਅਰਮੈਨ ਤੇ ਜੀਡੀਆਰ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੂੰ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਵੱਲੋਂ ਵੱਕਾਰੀ ਫੈਪ ਨੈਸ਼ਨਲ ਅਵਾਰਡ 2026 ਸਮਾਰੋਹ ਦੌਰਾਨ ਪ੍ਰਾਈਡ ਆਫ ਸਕੂਲ ਅਵਾਰਡ ਪ੍ਰਿੰਸੀਪਲ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ 28 ਨਵੰਬਰ 2026 ਨੂੰ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ, ਮੋਹਾਲੀ ਵਿਖੇ ਕਰਵਾਏ ਗਏ ਸ਼ਾਨਦਾਰ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਐਵਾਰਡ ਪ੍ਰਸਿੱਧ ਸਿੱਖਿਆ ਸ਼ਾਸਤਰੀ, ਚਾਂਸਲਰ ਦੇ ਸਲਾਹਕਾਰ ਤੇ ਮੌਜੂਦਾ ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ, ਪ੍ਰੋ. ਡਾਆਰਐੱਸ ਬਾਵਾ, ਡਾ. ਜਗਜੀਤ ਸਿੰਘ ਧੂਰੀ ਤੇ ਪ੍ਰਸਿੱਧ ਅਦਾਕਾਰਾ ਤੇ ਫਿਲਮ ਨਿਰਦੇਸ਼ਕ ਪ੍ਰੀਤੀ ਸਪਰੂ ਵੱਲੋਂ ਸਾਂਝੇ ਤੌਰ ਤੇ ਪ੍ਰਦਾਨ ਕੀਤਾ ਗਿਆ। ਇਹ ਰਾਸ਼ਟਰੀ ਸਨਮਾਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਦੀ ਸਿੱਖਿਆ ਦੇ ਖੇਤਰ ਵਿੱਚ ਦੂਰਦਰਸ਼ੀ ਅਗਵਾਈ, ਸੰਸਥਾਗਤ ਵਿਕਾਸ, ਪ੍ਰਸ਼ਾਸਨਿਕ ਕੁਸ਼ਲਤਾ ਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸਮਰਪਣ ਨੂੰ ਮਾਨਤਾ ਦਿੰਦਾ ਹੈ। ਉਨ੍ਹਾਂ ਦੀ ਅਗਵਾਈ ਹੇਠ ਸਕੂਲ ਵਿੱਚ ਮਿਆਰੀ ਸਿੱਖਿਆ, ਅਨੁਸ਼ਾਸਨ, ਨਵੀਆਂ ਸਿੱਖਿਆਤਮਕ ਪਹਿਲਕਦਮੀਆਂ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਕਮਜ਼ੋਰ ਵਿਦਿਆਰਥੀਆਂ ਲਈ ਰੈਮੀਡੀਅਲ ਕਲਾਸਾਂ, ਹਰੇਕ ਵਿਦਿਆਰਥੀ ਦੀ ਵਿਅਕਤੀਗਤ ਪ੍ਰਗਤੀ ਦੀ ਨਿਗਰਾਨੀ ਤੇ ਉਨ੍ਹਾਂ ਦੀਆਂ ਸਿੱਖਿਆਤਮਕ ਲੋੜਾਂ ਅਨੁਸਾਰ ਵਿਸ਼ੇਸ਼ ਸਹਾਇਤਾ ਵਰਗੀਆਂ ਪਹਿਲਕਦਮੀਆਂ ਇਸੇ ਸੋਚ ਦਾ ਹਿੱਸਾ ਹਨ। ਐਡਵੋਕੇਟ ਅਮਿਤ ਕੁਮਾਰ ਸ਼ਰਮਾ ਦਾ ਮੰਨਣਾ ਹੈ ਕਿ ਸਿੱਖਿਆ ਦਾ ਉਦੇਸ਼ ਕੇਵਲ ਚੰਗੇ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਅੰਦਰ ਇਮਾਨਦਾਰੀ, ਅਨੁਸ਼ਾਸਨ, ਹਮਦਰਦੀ, ਨੈਤਿਕ ਕਦਰਾਂ-ਕੀਮਤਾਂ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਵੀ ਹੈ। ਇਸੇ ਉਦੇਸ਼ ਨਾਲ ਸਕੂਲ ਵਿੱਚ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਚਰਿੱਤਰ ਨਿਰਮਾਣ ਤੇ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਆਪਣੀ ਖੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਨਿੱਜੀ ਪ੍ਰਾਪਤੀ ਤੋਂ ਵੱਧ ਇੱਕ ਵੱਡੀ ਜ਼ਿੰਮੇਵਾਰੀ ਤੇ ਪ੍ਰੇਰਣਾ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਸਾਰੇ ਪ੍ਰਬੰਧਕਾਂ, ਸਹਿਯੋਗੀਆਂ, ਮਾਪਿਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਕੂਲ ਦੇ ਸਮੂਹ ਅਧਿਆਪਕਾਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਣਥੱਕ ਮਿਹਨਤ, ਸਮਰਪਣ, ਇਮਾਨਦਾਰੀ ਤੇ ਸਾਂਝੇ ਯਤਨਾਂ ਸਦਕਾ ਹੀ ਸੰਸਥਾ ਵਿੱਚ ਸਿੱਖਿਆ ਦੇ ਉੱਚ ਮਿਆਰ ਤੇ ਉੱਤਮਤਾ ਨੂੰ ਬਰਕਰਾਰ ਰੱਖਣਾ ਸੰਭਵ ਹੋ ਸਕਿਆ ਹੈ।