- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਲਾਵਟਖੋਰ ਅਨਸਰ ਲੋਕਾਂ ਨੂੰ ਹੋਲੀ-ਹੋਲੀ ਜ਼ਹਿਰ ਦੇ ਕੇ ਮਾਰ ਰਹੇ ਹਨ : ਕੁਲਦੀਪ ਸਿੰਘ

--ਕਿਹਾ-ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਹੋਵੇ ਤੈਅ
--ਮਿਲਾਵਟਖੋਰ ਇਨਸਾਨੀਅਤ ਦੇ ਸਭ ਤੋਂ ਵੱਡੇ ਦੁਸ਼ਮਣ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਸਾਡੇ ਸਮਾਜ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਤੇ ਬੁਰਾਈਆਂ ਫੈਲੀਆਂ ਹੋਈਆਂ ਹਨ, ਜਿਵੇਂ ਦਾਜ ਦੀ ਸਮੱਸਿਆ, ਮੰਗਤਿਆਂ ਦੀ ਸਮੱਸਿਆ, ਪ੍ਰਦੂਸ਼ਨ ਦੀ ਸਮੱਸਿਆ, ਬੇਰੁਜ਼ਗਾਰੀ ਦੀ ਸਮੱਸਿਆ, ਨਸ਼ਿਆਂ ਦੀ ਸਮੱਸਿਆ ਆਦਿ ਪਰ ਇਨ੍ਹਾਂ ਸਮੱਸਿਆਵਾਂ ਦੇ ਨਾਲ-ਨਾਲ ਸਮਾਜ ਦੀ ਇਕ ਅਹਿਮ ਸਮੱਸਿਆ ਹੈ ਮਿਲਾਵਟਖੋਰੀ ਦੀ ਹੈ। ਇਹ ਮਿਲਾਵਟਖੋਰੀ ਸਾਡੇ ਸਮਾਜ ਤੇ ਦੇਸ਼ ਨੂੰ ਸਿਉਂਕ ਦੀ ਤਰ੍ਹਾਂ ਅੰਦਰੋਂ-ਅੰਦਰੀ ਖਾਈ ਜਾ ਰਹੀ ਹੈ ਤੇ ਇਨਸਾਨਾਂ ਨੂੰ ਖੋਖਲਾ ਕਰ ਰਹੀ ਹੈ। ਇਹ ਗੱਲ ਕੌਂਸਲਰ ਕੁਲਦੀਪ ਸਿੰਘ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ। ਉਨ੍ਹਾਂ ਨੇ ਕਿਹਾ ਇਸ ਸਮੱਸਿਆ ਦੇ ਕਾਰਨ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਖੋਖਲੀ ਹੋ ਰਹੀ ਹੈ ਤੇ ਬੁਢਾਪਾ ਬੀਮਾਰੀਆਂ ਵਿਚ ਘਿਰਿਆ ਹੈ। ਸ਼ਾਇਦ ਹੀ ਕੋਈ ਆਦਮੀ ਅਜਿਹਾ ਮਿਲੇਗਾ ਜੋ ਇਸ ਸਮੱਸਿਆ ਤੋਂ ਪ੍ਰਭਾਵਿਤ ਨਾ ਹੋਵੇ। ਕੁਲਦੀਪ ਸਿੰਘ ਨੇ ਕਿਹਾ ਮਿਲਾਵਟ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ, ਜਿਵੇਂ-ਆਟੇ ਤੇ ਲੂਣ ਵਿਚ ਦੁੱਧ-ਪੱਥਰੀ ਦੀ ਮਿਲਾਵਟ, ਦੁੱਧ ਵਿਚ ਪਾਣੀ ਮਿਲਾਉਣਾ, ਹਲਦੀ ਵਿਚ ਗਾਚਨੀ ਮਿੱਟੀ ਮਿਲਾਉਣਾ, ਸ਼ਹਿਦ ਦੀ ਥਾਂ ਮੁਰੱਬੇ ਦਾ ਸੀਰਾ ਵੇਚਣਾ, ਦੇਸੀ ਘਿਉ ਦੀ ਥਾਂ ਮਿਲਾਵਟ ਭਰਿਆ ਬਨਸਪਤੀ ਘਿਉ, ਗੰਨੇ ਦੇ ਰਸ ਵਿਚ ਸਕਰੀਨ ਵਾਲਾ ਪਾਣੀ ਮਿਲਾ ਕੇ ਵੇਚਣਾ ਤੇ ਨਕਲੀ ਦਵਾਈਆਂ ਵੇਚਣਾ,ਜਿਸ ਕਰਕੇ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਆਂ ਜਾਂਦੀਆਂ ਹਨ। ਅਜਿਹਾ ਕਰਕੇ ਉਹ ਆਪਣੇ ਨਿਜੀ ਸਵਾਰਥ ਦੀ ਪੂਰਤੀ ਲਈ (ਘੱਟ ਲਾਗਤ ਤੇ ਵਧੇਰੇ ਮੁਨਾਫ਼ਾ) ਲੋਕਾਂ ਦੀਆਂ ਕੀਮਤੀ ਜਾਨਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਦੇ। ਅਜਿਹੇ ਲੋਕ ਇਨਸਾਨੀਅਤ ਦੇ ਦੁਸ਼ਮਣ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਿਹਤ ਦੇ ਪੱਖ ਨਾਲ ਖਿਲਵਾੜ ਹੋਣ ਲਈ ਮਿਲਾਵਟ ਖੋਰੀ ਸਭ ਤੋਂ ਅੱਗੇ ਹੈ। ਕਾਰਨ ਸ਼ਪਸ਼ਟ ਹੈ ਕਿ ਅਧਿਕਾਰੀਆਂ ਦੀ ਮਿਲੀ-ਭੁਗਤ ਤੇ ਢਿੱਲੀ ਕਾਰਗੁਜ਼ਾਰੀ ਇਸ ਧੰਦੇ ਨੂੰ ਉਤਸ਼ਾਹਿਤ ਕਰਦੇ ਹਨ। ਇਸ ਵਿਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਅਨਸਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਦੂਜੇ ਅਰਥਾਂ ਵਿੱਚ ਇਹ ਇਕ ਤਰ੍ਹਾਂ ਦੇ ਕਾਤਲ ਹੀ ਹਨ। ਲੋਕਾਂ ਨੂੰ ਹੌਲੀ-ਹੌਲੀ ਜ਼ਹਿਰ ਤੇ ਸਿੰਥੈਟਿਕ ਪਦਾਰਥ ਖੁਆ ਕੇ ਮਾਰਿਆ ਜਾ ਰਿਹਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟਖੋਰੀ ਰੋਕਣ ਲਈ ਸਖ਼ਤ ਤੋਂ ਸਖ਼ਤ ਕਨੂੰਨ ਬਣਾਏ। ਮਿਲਾਵਟ ਕਰਨ ਵਾਲਿਆਂ ਨੂੰ ਫੜਾਉਣ ਵਾਲੇ ਨੂੰ ਚੰਗੇ ਇਨਾਮ ਦਿੱਤੇ ਜਾਣ ਤੇ ਮਿਲਾਵਟ ਖੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।