ਸਰਕਾਰੀ ਆਈਟੀਆਈ ਕਪੂਰਥਲਾ ’ਚ ਖਾਲੀ ਸੀਟਾਂ 'ਤੇ ਦਾਖਲੇ ਸ਼ੁਰੂ ਸਰਕਾਰੀ ਆਈ.ਟੀ.ਆਈ. ਕਪੂਰਥਲਾ ਵਿੱਚ ਖਾਲੀ ਸੀਟਾਂ 'ਤੇ ਪਹਿਲਾਂ ਆਓ ਪਹਿਲਾਂ ਪਾਓ ਆਧਾਰ 'ਤੇ ਦਾਖਲੇ ਸ਼ੁਰੂ
Publish Date: Tue, 15 Sep 2026 07:19 PM (IST)
Updated Date: Tue, 15 Sep 2026 07:20 PM (IST)
- ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਮਿਲਣਗੀਆਂ ਸੀਟਾਂ -ਡੀਜ਼ਲ ਮਕੈਨਿਕ ਤੇ ਪਲੰਬਰ ਟਰੇਡਾਂ ’ਚ ਸੀਟਾਂ ਖਾਲੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਕਮਲਜੀਤ ਸਿੰਘ ਚੇਅਰਮੈਨ, ਇੰਸਟੀਚਿਊਟ ਮੈਨੇਜਮੈਂਟ ਕਮੇਟੀ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਕਪੂਰਥਲਾ ਦੀ ਅਗਵਾਈ ਹੇਠ ਸੈਸ਼ਨ 2026-27 ਦੌਰਾਨ ਸਰਕਾਰੀ ਆਈਟੀਆਈ ਕਪੂਰਥਲਾ ਵਿਖੇ ਵੱਖ-ਵੱਖ ਐੱਸਸੀਵੀਟੀ ਟਰੇਡਾਂ ਦੀਆਂ ਖਾਲੀ ਰਹਿ ਗਈਆਂ ਸੀਟਾਂ ਤੇ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ਤੇ ਦਾਖਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਟੀਆਈ ਦੇ ਪ੍ਰਿੰਸੀਪਲ ਸ਼ਕਤੀ ਸਿੰਘ ਨੇ ਦੱਸਿਆ ਕਿ ਸੰਸਥਾ ਵਿੱਚ ਡੀਜ਼ਲ ਮਕੈਨਿਕ ਤੇ ਪਲੰਬਰ ਟਰੇਡਾਂ ਵਿੱਚ ਖਾਲੀ ਰਹਿ ਗਈਆਂ ਸੀਟਾਂ ਤੇ ਦਾਖਲਾ ਕੀਤਾ ਜਾ ਰਿਹਾ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਈਟੀਆਈ ਕਪੂਰਥਲਾ ਵਿਖੇ ਉਨ੍ਹਾਂ ਦੀ ਸਹੂਲਤ ਲਈ ਬਣਾਏ ਗਏ ਹੈਲਪ ਡੈਸਕ ਤੇ ਪਹੁੰਚ ਕੇ ਮੌਕੇ ਤੇ ਹੀ ਫੀਸ ਭਰ ਕੇ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਮੁੱਚੇ ਕੋਰਸ ਆਧੁਨਿਕ ਸਮੇਂ ਦੀ ਇੰਡਸਟਰੀ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੇ ਗਏ ਹਨ ਤੇ ਕੋਰਸ ਪੂਰਾ ਕਰਨ ਉਪਰੰਤ ਸਿਖਿਆਰਥੀ ਸਕਿੱਲ ਵਿੱਚ ਮੁਹਾਰਤ ਹਾਸਲ ਕਰਕੇ ਸਰਕਾਰੀ ਨੌਕਰੀ, ਮਲਟੀਨੈਸ਼ਨਲ ਕੰਪਨੀਆਂ ਵਿੱਚ ਰੁਜ਼ਗਾਰ ਜਾਂ ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣਾ ਭਵਿੱਖ ਸੰਵਾਰ ਸਕਦੇ ਹਨ। ਸ਼ਕਤੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਸਲਾਨਾ ਫੀਸ 3,500 ਰੁਪਏ ਹੈ, ਜੋ ਕਿ 4 ਕਿਸ਼ਤਾਂ ਵਿੱਚ ਲਈ ਜਾਂਦੀ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਨੂੰ ਕੇਵਲ 150 ਰੁਪਏ ਵਿੱਚ ਹੀ ਦਾਖਲਾ ਮਿਲੇਗਾ ਤੇ ਨਿਯਮਾਂ ਅਨੁਸਾਰ ਵਜ਼ੀਫਾ ਵੀ ਦਿੱਤਾ ਜਾਵੇਗਾ।