ਸੁਲਤਾਨਪੁਰ ਲੋਧੀ ਬਣੇਗਾ ‘ਜ਼ੀਰੋ ਬਰਨਿੰਗ’ ਮਾਡਲ ਇਲਾਕਾ ਸੁਲਤਾਨਪੁਰ ਲੋਧੀ ਨੂੰ ‘ਜ਼ੀਰੋ ਬਰਨਿੰਗ’ ਮਾਡਲ ਬਣਾਉਣ ਲਈ ਪ੍ਰਸ਼ਾਸਨ ਨੇ ਚੁੱਕੇ ਕਦਮ
Publish Date: Thu, 24 Sep 2026 06:34 PM (IST)
Updated Date: Thu, 24 Sep 2026 06:36 PM (IST)
ਪਰਾਲੀ ਪ੍ਰਬੰਧਨ ਲਈ ਐੱਸਡੀਐੱਮ ਨੇ ਨੰਬਰਦਾਰਾਂ ਨਾਲ ਕੀਤੀ ਮੀਟਿੰਗ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਾਤਾਵਰਣ ਦੀ ਸੰਭਾਲ, ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਤੇ ਇਲਾਕੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਪ ਮੰਡਲ ਮੈਜਿਸਟਰੇਟ ਐੱਸਡੀਐੱਮ ਜਸਜੀਤ ਸਿੰਘ ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡੀਐੱਸਪੀ, ਥਾਣਾ ਮੁਖੀ ਐੱਸਐੱਚਓ, ਤਹਿਸੀਲਦਾਰ, ਬੀਡੀਪੀਓ ਦੇ ਨੁਮਾਇੰਦੇ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਸਮੂਹ ਪਿੰਡਾਂ ਦੇ ਨੰਬਰਦਾਰ ਤੇ ਚੌਕੀਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੌਰਾਨ ਐੱਸਡੀਐੱਮ ਜਸਜੀਤ ਸਿੰਘ ਨੇ ਨੰਬਰਦਾਰਾਂ ਤੇ ਚੌਕੀਦਾਰਾਂ ਨੂੰ ਪਿੰਡਾਂ ਦੀ ਮਜ਼ਬੂਤ ਨੀਂਹ ਤੇ ਪ੍ਰਸ਼ਾਸਨ ਦੀਆਂ ਅੱਖਾਂ-ਕੰਨ ਦੱਸਦਿਆਂ ਕਿਹਾ ਕਿ ਕਿਸੇ ਵੀ ਲੋਕ-ਭਲਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਦਾ ਸਹਿਯੋਗ ਸਭ ਤੋਂ ਅਹਿਮ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਭਾਵੁਕ ਅਪੀਲ ਕਰਦਿਆਂ ਸਮਝਾਇਆ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿੱਚ ਹੀ ਵਾਹੁਣ ਨਾਲ ਜਿੱਥੇ ਧਰਤੀ ਦੀ ਸਿਹਤ ਸੁਧਰਦੀ ਹੈ ਤੇ ਮਿੱਤਰ ਕੀੜਿਆਂ ਦੀ ਰਾਖੀ ਹੁੰਦੀ ਹੈ, ਉੱਥੇ ਹੀ ਸਾਡੇ ਬਜ਼ੁਰਗ ਤੇ ਬੱਚੇ ਸਾਹ ਤੇ ਦਮੇ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹਨ। ਇਸ ਤੋਂ ਇਲਾਵਾ ਸੜਕਾਂ ਦੁਆਲੇ ਧੂੰਆਂ ਨਾ ਹੋਣ ਕਾਰਨ ਕੀਮਤੀ ਮਨੁੱਖੀ ਜਾਨਾਂ ਵੀ ਸੜਕ ਹਾਦਸਿਆਂ ਤੋਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ. ਜਸਪਾਲ ਸਿੰਘ, ਡਾ ਪਰਮਿੰਦਰ ਕੁਮਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਸੁਪਰ ਸੀਡਰ, ਬੇਲਰ ਤੇ ਹੈਪੀ ਸੀਡਰ ਵਰਗੀਆਂ ਆਧੁਨਿਕ ਮਸ਼ੀਨਾਂ ਤੇ 50 ਤੋਂ 80 ਫ਼ੀਸਦੀ ਤੱਕ ਭਾਰੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਸਹਿਕਾਰੀ ਸਭਾਵਾਂ ਤੇ ਕਸਟਮ ਹਾਇਰਿੰਗ ਸੈਂਟਰਾਂ ਰਾਹੀਂ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਇਹ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਖੇਤਾਂ ਵਿੱਚ ਹੀ ਪਰਾਲੀ ਨੂੰ ਮਿਲਾਇਆ ਜਾ ਸਕੇ ਜਾਂ ਗੱਠਾਂ ਬਣਾ ਕੇ ਸੁਚੱਜਾ ਪ੍ਰਬੰਧ ਕੀਤਾ ਜਾ ਸਕੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਦਾ ਮਕਸਦ ਕਾਰਵਾਈ ਕਰਨਾ ਨਹੀਂ ਸਗੋਂ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਦੇਣਾ ਹੈ, ਪਰ ਐੱਨਜੀਟੀ ਨਿਯਮਾਂ ਦੀ ਪਾਲਣਾ ਤੇ 24 ਘੰਟੇ ਚੱਲ ਰਹੀ ਸੈਟੇਲਾਈਟ ਨਿਗਰਾਨੀ ਕਾਰਨ ਸਾਰਿਆਂ ਨੂੰ ਜਾਗਰੂਕ ਹੋ ਕੇ ਕਾਨੂੰਨੀ ਉਲੰਘਣਾ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਅੰਤ ਵਿੱਚ ਸਮੂਹ ਹਾਜ਼ਰੀਨ ਵੱਲੋਂ ਇੱਕਮੁੱਠ ਹੋ ਕੇ ਸੁਲਤਾਨਪੁਰ ਲੋਧੀ ਨੂੰ ਪੂਰੇ ਸੂਬੇ ਵਿੱਚ ‘ਜ਼ੀਰੋ ਬਰਨਿੰਗ’ ਦਾ ਮੋਹਰੀ ਮਾਡਲ ਬਣਾਉਣ ਦਾ ਦ੍ਰਿੜ ਸੰਕਲਪ ਲਿਆ ਗਿਆ। ਇਸ ਮੌਕੇ ਐੱਸਡੀਐੱਮ ਜਸਜੀਤ ਸਿੰਘ ਵੱਲੋਂ ਪਰਾਲੀ ਪ੍ਰਬੰਧਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਰਵਾਨਾ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਵਿਰਕ ਸੁਪਰਡੈਂਟ, ਐੱਸਐੱਚਓ ਦਵਿੰਦਰ ਪਾਲ, ਖੇਤੀਬਾੜੀ ਵਿਭਾਗ ਦੇ ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ, ਪਰਮਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਬਲਾਕ ਪ੍ਰਧਾਨ ਸਾਹਿਬ ਸਿੰਘ ਭੁੱਲਰ, ਮੰਗਲ ਸਿੰਘ ਭੱਟੀ ਜਿਲ੍ਹਾ ਮੀਤ ਪ੍ਰਧਾਨ, ਕੁਲਦੀਪ ਸਿੰਘ ਸਾਂਗਰਾ ਜਨਰਲ ਸਕੱਤਰ, ਸੁਖਜਿੰਦਰ ਸਿੰਘ ਕਬੀਰਪੁਰ, ਨਿਰਮਲ ਸਿੰਘ ਸ਼ੇਖ ਮਾਂਗਾ, ਅਮਰਜੀਤ ਸਿੰਘ ਫੌਜੀ ਕਲੋਨੀ, ਨੰਬਰਦਾਰ ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਕਬੀਰਪੁਰ, ਸੁਖਰਾਜ ਸਿੰਘ ਸ਼ੇਖ ਮਾਂਗਾ, ਰੀਡਰ ਜਗਦੀਸ਼ ਲਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰ ਤੇ ਚੌਂਕੀਦਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।