ਪਟਾਕਿਆਂ ਦੀ ਗ਼ੈਰ-ਕਾਨੂੰਨੀ ਵਿਕਰੀ ਤੇ ਭੰਡਾਰਨ ਰੋਕਣ ਲਈ ਪ੍ਰਸ਼ਾਸਨ ਸਖ਼ਤ ਪਟਾਕਿਆਂ ਦੀ ਗ਼ੈਰ-ਕਾਨੂੰਨੀ ਵਿਕਰੀ ਅਤੇ ਭੰਡਾਰਨ ਰੋਕਣ ਲਈ ਪ੍ਰਸ਼ਾਸਨ ਸਖ਼ਤ; ਚੈਕਿੰਗ ਲਈ ਡਿਊਟੀਆਂ ਲਗਾਈਆਂ
Publish Date: Sun, 01 Nov 2026 08:57 PM (IST)
Updated Date: Sun, 01 Nov 2026 08:59 PM (IST)
ਦੁਕਾਨਦਾਰ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀ ਗਈ ਜਗ੍ਹਾ ’ਤੇ ਹੀ ਪਟਾਕੇ ਵੇਚਣ : ਐੱਸਡੀਐੱਮ ਭੁਲੱਥ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਸਬ-ਡਿਵੀਜ਼ਨ ਭੁਲੱਥ ਦੇ ਅੰਦਰ ਪਟਾਕਿਆਂ ਦੀ ਗ਼ੈਰ-ਕਾਨੂੰਨੀ ਵਿਕਰੀ ਤੇ ਅਣ-ਅਧਿਕਾਰਤ ਭੰਡਾਰਨ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ। ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮੱਦੇਨਜ਼ਰ ਉਪ-ਮੰਡਲ ਮੈਜਿਸਟਰੇਟ ਦਫ਼ਤਰ ਭੁਲੱਥ ਰੁਪਿੰਦਰ ਪਾਲ ਸਿੰਘ ਵੱਲੋਂ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਪਟਾਕਿਆਂ ਦੀ ਵਿਕਰੀ ਤੇ ਭੰਡਾਰਨ ਵਾਲੀਆਂ ਦੁਕਾਨਾਂ, ਗੋਦਾਮਾਂ, ਆਰਜ਼ੀ ਸਟਾਲਾਂ ਤੇ ਹੋਰ ਥਾਵਾਂ ਦੀ ਚੈਕਿੰਗ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਹੁਕਮਾਂ ਅਨੁਸਾਰ ਤਹਿਸੀਲਦਾਰ ਵਰਿੰਦਰ ਭਾਟੀਆ ਤੇ ਨਾਇਬ ਤਹਿਸੀਲਦਾਰ ਸੁਨੀਤਾ ਖਿਲਣ ਭੁਲੱਥ ਆਪਣੇ ਅਧਿਕਾਰ ਖੇਤਰ ਵਿੱਚ ਚੈਕਿੰਗ ਕਰਨਗੇ ਤੇ ਇਸ ਮੁਹਿੰਮ ਸਬੰਧੀ ਲੋੜੀਂਦਾ ਤਾਲਮੇਲ ਯਕੀਨੀ ਬਣਾਉਣਗੇ। ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਭੁਲੱਥ, ਬੇਗੋਵਾਲ, ਨਡਾਲਾ ਆਪਣੇ-ਆਪਣੇ ਸ਼ਹਿਰੀ ਅਧਿਕਾਰ ਖੇਤਰਾਂ ਦੇ ਅੰਦਰ ਪਟਾਕਿਆਂ ਦੀ ਵਿਕਰੀ ਤੇ ਭੰਡਾਰਨ ਵਾਲੀਆਂ ਥਾਵਾਂ ਦੀ ਚੈਕਿੰਗ ਯਕੀਨੀ ਕਰਨਗੇ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਬੰਧਤ ਬਲਾਕ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪੇਂਡੂ ਇਲਾਕਿਆਂ ਵਿੱਚ ਚੈਕਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ ਤੇ ਸਬੰਧਤ ਐੱਸਐੱਚਓ ਚੈਕਿੰਗ ਟੀਮਾਂ ਨੂੰ ਲੋੜੀਂਦੀ ਪੁਲਿਸ ਸਹਾਇਤਾ ਮੁਹੱਈਆ ਕਰਵਾਉਣਗੇ। ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਥਾਂ ਤੇ ਪਟਾਕਿਆਂ ਦੀ ਗ਼ੈਰ-ਕਾਨੂੰਨੀ ਵਿਕਰੀ ਜਾਂ ਅਣ-ਅਧਿਕਾਰਤ ਭੰਡਾਰਨ ਪਾਇਆ ਜਾਂਦਾ ਹੈ ਤਾਂ ਕਾਨੂੰਨਾਂ ਤਹਿਤ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਐੱਸਡੀਐੱਮ ਭੁਲੱਥ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਦੁਕਾਨਦਾਰ ਵੇਈਂ ਪੁੱਲ ਦੇ ਨਜ਼ਦੀਕ ਜੋ ਪਾਰਕ ਹੈ, ਉਸ ਵਿੱਚ ਹੀ ਪਟਾਕੇ ਵੇਚਣ। ਉੱਨਾਂ ਕਿਹਾ ਕਿ ਜੇਕਰ ਕੋਈ ਵੀ ਕਿਸੇ ਅਣਅਧਿਕਾਰਤ ਜਗ੍ਹਾ ’ਤੇ ਪਟਾਕੇ ਵੇਚਦਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏਐੱਸਆਈ ਸ਼ਾਮ ਸਿੰਘ ਤੇ ਪਟਵਾਰੀ ਅੰਮ੍ਰਿਤ ਪਾਲ ਸਿੰਘ ਨੇ ਪਟਾਕੇ ਲਗਾਏ ਜਾਣ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ।