- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਪੁਰਬ ਤੋਂ ਪਹਿਲਾਂ ਜਾਗਿਆ ਪ੍ਰਸ਼ਾਸਨ! ਨਾਜਾਇਜ਼ ਕਬਜ਼ੇ ਹਟਾਉਣ ਲਈ ਈ.ਓ. ਖ਼ੁਦ ਮੈਦਾਨ ’ਚ ਉਤਰੇ

ਗੁਰਪੁਰਬ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ
ਸਮਾਂ ਲੰਘਣ ’ਤੇ ਸਾਮਾਨ ਹੋਵੇਗਾ ਜ਼ਬਤ ਤੇ ਲੱਗੇਗਾ ਜੁਰਮਾਨਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਤੇ ਮੁੱਖ ਸੜਕਾਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਸਬੰਧੀ ਲਗਾਤਾਰ ਆਵਾਜ਼ ਉਠ ਰਹੀ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਖ਼ਰਕਾਰ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਗਈ ਹੈ ਤੇ ਨਗਰ ਕੌਂਸਲ ਨੇ ਨਾਜਾਇਜ਼ ਕਬਜ਼ਿਆਂ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸੇ ਲੜੀ ਤਹਿਤ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (ਈਓ) ਕਮਲਜੀਤ ਸਿੰਘ ਖ਼ੁਦ ਫੀਲਡ ਵਿੱਚ ਉਤਰੇ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰਵਾਈ। ਉਨ੍ਹਾਂ ਆਰੀਆ ਸਮਾਜ ਚੌਂਕ, ਬਿਜਲੀ ਘਰ ਦਫ਼ਤਰ ਰੋਡ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ਸਮੇਤ ਹੋਰਨਾਂ ਇਲਾਕਿਆਂ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਨਗਰ ਕੌਂਸਲ ਦੀਆਂ ਥਾਵਾਂ ’ਤੇ ਰੱਖੇ ਗਏ ਸਾਮਾਨ ਨੂੰ ਤੁਰੰਤ ਪਿੱਛੇ ਹਟਾਉਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਸਬਜ਼ੀ ਵਿਕਰੇਤਾਵਾਂ ਤੇ ਹੋਰ ਦੁਕਾਨਦਾਰਾਂ ਨੂੰ ਤਿੰਨ ਦਿਨਾਂ ਦਾ ਸਮਾਂ ਦਿੰਦਿਆਂ ਸਪੱਸ਼ਟ ਚਿਤਾਵਨੀ ਦਿੱਤੀ ਗਈ ਕਿ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਓ ਕਮਲਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਦੁਕਾਨਾਂ ਦੇ ਬਾਹਰ ਸੜਕਾਂ ਤੇ ਨਗਰ ਕੌਂਸਲ ਦੀਆਂ ਥਾਵਾਂ ’ਤੇ ਸਾਮਾਨ ਰੱਖਣ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਸੁਲਤਾਨਪੁਰ ਲੋਧੀ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਸ਼ਹਿਰ ਦੀਆਂ ਸੜਕਾਂ ਨੂੰ ਆਵਾਜਾਈ ਲਈ ਖੁੱਲ੍ਹਾ ਰੱਖਣਾ ਬੇਹੱਦ ਜ਼ਰੂਰੀ ਹੈ। ਇਸੇ ਮਕਸਦ ਨਾਲ ਅੱਜ ਦੁਕਾਨਦਾਰਾਂ ਨੂੰ ਪਹਿਲੇ ਪੜਾਅ ਵਿੱਚ ਚਿਤਾਵਨੀ ਦਿੱਤੀ ਗਈ ਹੈ ਤੇ ਹੁਣ ਉਨ੍ਹਾਂ ਨੂੰ ਤਿੰਨ ਦਿਨਾਂ ਦਾ ਨੋਟਿਸ ਵੀ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਦੁਕਾਨਦਾਰਾਂ ਨੇ ਆਪਣਾ ਸਾਮਾਨ ਖ਼ੁਦ ਪਿੱਛੇ ਨਾ ਹਟਾਇਆ ਤੇ ਨਾਜਾਇਜ਼ ਕਬਜ਼ੇ ਬਰਕਰਾਰ ਰੱਖੇ ਤਾਂ ਨਗਰ ਕੌਂਸਲ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਦੁਕਾਨਾਂ ਦੇ ਬਾਹਰ ਨਾਜਾਇਜ਼ ਤੌਰ ’ਤੇ ਰੱਖਿਆ ਸਾਮਾਨ ਜ਼ਬਤ ਕੀਤਾ ਜਾਵੇਗਾ ਤੇ ਨਿਯਮਾਂ ਅਨੁਸਾਰ ਜੁਰਮਾਨੇ ਵੀ ਲਗਾਏ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਨਗਰ ਕੌਂਸਲ ਪਿੱਛੇ ਨਹੀਂ ਹਟੇਗੀ।
ਈਓ ਨੇ ਦੱਸਿਆ ਕਿ ਆਮ ਤੌਰ ’ਤੇ ਦੇਖਣ ਵਿੱਚ ਆਉਂਦਾ ਹੈ ਕਿ ਇੱਕ ਦੁਕਾਨਦਾਰ ਨੂੰ ਦੂਜੇ ਦੁਕਾਨਦਾਰ ਦੀ ਦੇਖਾ-ਦੇਖੀ ਆਪਣਾ ਸਾਮਾਨ ਦੁਕਾਨ ਤੋਂ ਬਾਹਰ ਨਗਰ ਕੌਂਸਲ ਦੀ ਜਗ੍ਹਾ ’ਤੇ ਰੱਖਣ ਦੀ ਆਦਤ ਪੈ ਜਾਂਦੀ ਹੈ। ਜਦੋਂ ਗਾਹਕ ਸਾਮਾਨ ਖ਼ਰੀਦਣ ਲਈ ਆਉਂਦੇ ਹਨ ਤਾਂ ਸੜਕ ਦੇ ਦੋਵੇਂ ਪਾਸੇ ਜਗ੍ਹਾ ਘੱਟ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਵਾਹਨ ਚਾਲਕਾਂ ਸਗੋਂ ਪੈਦਲ ਲੰਘਣ ਵਾਲੇ ਲੋਕਾਂ ਤੇ ਖ਼ਾਸ ਕਰਕੇ ਸਕੂਲੀ ਸਮੇਂ ਦੌਰਾਨ ਬੱਚਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੁੰਦੀ ਹੈ।
ਗੁਰਪੁਰਬ ਮੌਕੇ ਪਵਿੱਤਰ ਨਗਰੀ ਨੂੰ ਕਬਜ਼ਾ ਮੁਕਤ ਬਣਾਉਣਾ ਸਮੇਂ ਦੀ ਲੋੜ
ਗੌਰਤਲਬ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਨਾਲ ਸਿੱਖ ਇਤਿਹਾਸ ਦੀਆਂ ਬੇਹੱਦ ਮਹੱਤਵਪੂਰਨ ਯਾਦਾਂ ਜੁੜੀਆਂ ਹੋਈਆਂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਸ ਧਰਤੀ ’ਤੇ ਬਤੀਤ ਕੀਤਾ ਤੇ ਇੱਥੇ ਹੀ ਮੂਲ ਮੰਤਰ ਦਾ ਉਚਾਰਨ ਕੀਤਾ। ਹਰ ਸਾਲ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਇਸ ਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਬਾਜ਼ਾਰਾਂ ਵਿੱਚ ਆਰਜ਼ੀ ਦੁਕਾਨਾਂ ਲਗਾਉਣ ਵਾਲਿਆਂ ਤੇ ਹੋਰ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਦੀ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ। ਕਈ ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਇਹ ਕਬਜ਼ੇ ਮੁੜ ਹੋ ਜਾਂਦੇ ਹਨ ਪਰ ਇਸ ਵਾਰ ਗੁਰਪੁਰਬ ਤੋਂ ਪਹਿਲਾਂ ਨਗਰ ਕੌਂਸਲ ਵੱਲੋਂ ਸਖ਼ਤੀ ਨਾਲ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਹਿਰ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਰਫ਼ ਗੁਰਪੁਰਬ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਸ਼ਹਿਰ ਨੂੰ ਸਥਾਈ ਤੌਰ ’ਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਇਸ ਮੌਕੇ ਈਓ ਕਮਲਜੀਤ ਸਿੰਘ, ਐੱਸਐੱਚਓ ਦਵਿੰਦਰ ਪਾਲ ਸਿੰਘ, ਚਰਨਜੀਤ ਸਿੰਘ ਐੱਸਐੱਫਓ, ਸੰਜੀਵ ਘਈ ਸੈਨਟਰੀ ਇੰਸਪੈਕਟਰ, ਰਾਜ ਕੁਮਾਰ, ਗੌਤਮ, ਬਿੱਟੂ ਲਹੌਰਾ, ਬਲਜੀਤ ਦੱਤ, ਵਿਨੇ ਰਿਸ਼ੀ ਆਦਿ ਵੀ ਹਾਜ਼ਰ ਸਨ।